30ਤਦ ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪੇਕਾਹ ਦੇ ਵਿਰੁੱਧ ਸਾਜ਼ਿਸ਼ ਰਚੀ। ਉਸ ਨੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਉਜ਼ੀਯਾਹ ਦੇ ਪੁੱਤਰ ਯੋਥਾਮ ਦੇ ਵੀਹਵੇਂ ਸਾਲ ਉਸ ਦੇ ਬਾਅਦ ਰਾਜਾ ਬਣਿਆ।
31ਪੇਕਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।
32ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦੇ ਪੁੱਤਰ ਪੇਕਾਹ ਦੇ ਦੂਜੇ ਸਾਲ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ।
33ਜਦੋਂ ਉਹ ਰਾਜਾ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਰੂਸ਼ਾ ਸੀ ਜੋ ਸਾਦੋਕ ਦੀ ਧੀ ਸੀ।
34ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ।