6ਉਸ ਸਮੇਂ ਅਰਾਮ ਦੇ ਰਾਜੇ ਰੇਜ਼ੀਨ ਨੇ ਯਹੂਦਾਹ ਦੇ ਲੋਕਾਂ ਨੂੰ ਬਾਹਰ ਕੱਢ ਕੇ ਅਰਾਮ ਲਈ ਏਲਾਥ ਮੁੜ ਪ੍ਰਾਪਤ ਕੀਤਾ। ਫਿਰ ਅਦੋਮੀ ਏਲਾਥ ਵਿੱਚ ਚਲੇ ਗਏ ਅਤੇ ਅੱਜ ਤੱਕ ਉੱਥੇ ਰਹਿੰਦੇ ਹਨ।
7ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ, “ਮੈਂ ਤੁਹਾਡਾ ਸੇਵਕ ਅਤੇ ਪੁੱਤਰ ਹਾਂ, ਉੱਪਰ ਆ ਅਤੇ ਮੈਨੂੰ ਅਰਾਮ ਦੇ ਰਾਜੇ ਅਤੇ ਇਸਰਾਏਲ ਦੇ ਰਾਜੇ ਦੇ ਹੱਥੋਂ ਬਚਾ ਲੈ ਜੋ ਮੇਰੇ ਉੱਤੇ ਹਮਲਾ ਕਰ ਰਹੇ ਹਨ।”
8ਅਤੇ ਆਹਾਜ਼ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਈ ਚਾਂਦੀ ਅਤੇ ਸੋਨਾ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਤੋਹਫ਼ੇ ਵਜੋਂ ਭੇਜਿਆ।
9ਅੱਸ਼ੂਰ ਦੇ ਰਾਜੇ ਨੇ ਦੰਮਿਸ਼ਕ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰੇਜ਼ੀਨ ਨੂੰ ਮਾਰ ਦਿੱਤਾ।
10ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ।