1ਯਹੂਦਾਹ ਦੇ ਪਾਤਸ਼ਾਹ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਨੌਂ ਸਾਲ ਰਾਜ ਕੀਤਾ।
2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ, ਪਰ ਇਸਰਾਏਲ ਦੇ ਰਾਜਿਆਂ ਵਾਂਗ ਨਹੀਂ ਜੋ ਉਸ ਤੋਂ ਪਹਿਲਾਂ ਸਨ।
3ਅੱਸ਼ੂਰ ਦਾ ਰਾਜਾ ਸ਼ਾਲਮਨੇਸਰ ਹੋਸ਼ੇਆ ਉੱਤੇ ਹਮਲਾ ਕਰਨ ਲਈ ਆਇਆ, ਜੋ ਸ਼ਾਲਮਨੇਸਰ ਦਾ ਦਾਸ ਸੀ ਅਤੇ ਉਸ ਨੇ ਉਸ ਨੂੰ ਟੈਕਸ ਵੀ ਦਿੱਤਾ ਸੀ।
4ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗਾ ਕਿ ਹੋਸ਼ੇਆ ਇੱਕ ਗੱਦਾਰ ਸੀ, ਕਿਉਂਕਿ ਉਸਨੇ ਮਿਸਰ ਦੇ ਰਾਜੇ ਸੋਆ ਕੋਲ ਦੂਤ ਭੇਜੇ ਸਨ ਅਤੇ ਉਸਨੇ ਹੁਣ ਅੱਸ਼ੂਰ ਦੇ ਰਾਜੇ ਨੂੰ ਟੈਕਸ ਨਹੀਂ ਚੁਕਾਇਆ, ਜਿਵੇਂ ਉਹ ਹਰ ਸਾਲ ਕਰਦਾ ਸੀ। ਇਸ ਲਈ ਸ਼ਾਲਮਾਨੇਸਰ ਨੇ ਉਸਨੂੰ ਫੜ ਲਿਆ ਅਤੇ ਕੈਦ ਵਿੱਚ ਪਾ ਦਿੱਤਾ।