22ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ? ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ? ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!
23ਆਪਣੇ ਸੰਦੇਸ਼ਵਾਹਕਾਂ ਦੁਆਰਾ ਤੂੰ ਯਾਹਵੇਹ ਦਾ ਮਜ਼ਾਕ ਉਡਾਇਆ ਹੈ। ਅਤੇ ਤੂੰ ਆਖਿਆ ਹੈ, “ਆਪਣੇ ਬਹੁਤ ਸਾਰੇ ਰਥਾਂ ਨਾਲ ਮੈਂ ਪਹਾੜਾਂ ਦੀਆਂ ਉਚਾਈਆਂ, ਲਬਾਨੋਨ ਦੀਆਂ ਸਭ ਤੋਂ ਉਚਾਈਆਂ ਉੱਤੇ ਚੜ੍ਹਿਆ ਹਾਂ। ਮੈਂ ਇਸ ਦੇ ਸਭ ਤੋਂ ਉੱਚੇ ਦਿਆਰ, ਇਸ ਦੇ ਸਭ ਤੋਂ ਚੰਗੇ ਦਿਆਰ ਨੂੰ ਕੱਟ ਦਿੱਤਾ ਹੈ। ਮੈਂ ਇਸ ਦੇ ਉੱਚੇ-ਉੱਚੇ ਹਿੱਸਿਆਂ ਅਤੇ ਟਿਕਾਣਿਆ ਤੱਕ, ਇਸ ਦੇ ਜੰਗਲਾਂ ਵਿੱਚੋਂ ਸਭ ਤੋਂ ਵਧੀਆ ਫਲਦਾਰ ਵਾੜੀ ਵਿੱਚ ਜਾ ਪਹੁੰਚਿਆ ਹਾਂ।
24ਮੈਂ ਪਰਦੇਸਾਂ ਵਿੱਚ ਖੂਹ ਪੁੱਟੇ ਹਨ ਅਤੇ ਉਥੋਂ ਦਾ ਪਾਣੀ ਪੀਤਾ ਹੈ। ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ਹੈ।”
25“ ‘ਕੀ ਤੂੰ ਨਹੀਂ ਸੁਣਿਆ? ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਠਾਣ ਲਿਆ ਸੀ। ਪੁਰਾਣੇ ਦਿਨਾਂ ਵਿੱਚ ਮੈਂ ਇਸ ਦੀ ਯੋਜਨਾ ਬਣਾਈ ਸੀ; ਹੁਣ ਮੈਂ ਇਸ ਨੂੰ ਪੂਰਾ ਕੀਤਾ ਹੈ, ਕਿ ਤੂੰ ਗੜ੍ਹ ਵਾਲੇ ਸ਼ਹਿਰਾਂ ਨੂੰ ਪੱਥਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ।
26ਉਨ੍ਹਾਂ ਦੇ ਲੋਕ ਨਿਰਬਲ, ਘਬਰਾ ਗਏ ਅਤੇ ਸ਼ਰਮਿੰਦਾ ਹੋਏ। ਉਹ ਖੇਤ ਦੇ ਪੌਦਿਆਂ ਵਰਗੇ ਹਨ, ਕੋਮਲ ਹਰੇ ਬੂਟਿਆਂ ਵਰਗੇ ਹਨ, ਛੱਤ ਤੇ ਉੱਗਦੇ ਘਾਹ ਵਰਗੇ ਹਨ, ਵਧਣ ਤੋਂ ਪਹਿਲਾਂ ਹੀ ਝੁਲਸ ਜਾਂਦੇ ਹਨ।