13ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ ” ਉਸਨੇ ਜਵਾਬ ਦਿੱਤਾ, “ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।”
14ਅਲੀਸ਼ਾ ਨੇ ਪੁੱਛਿਆ, “ਉਸ ਲਈ ਕੀ ਕੀਤਾ ਜਾਵੇ?” ਗੇਹਜ਼ੀ ਨੇ ਕਿਹਾ, “ਉਸ ਦਾ ਕੋਈ ਪੁੱਤਰ ਨਹੀਂ ਹੈ ਅਤੇ ਉਸਦਾ ਪਤੀ ਬੁੱਢਾ ਹੋ ਗਿਆ ਹੈ।”
15ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਬੁਲਾਓ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਦਰਵਾਜ਼ੇ ਵਿੱਚ ਖੜ੍ਹੀ ਹੋ ਗਈ।
16ਅਲੀਸ਼ਾ ਨੇ ਕਿਹਾ, “ਅਗਲੇ ਸਾਲ ਇਸੇ ਰੁੱਤੇ ਬਸੰਤ ਦੇ ਨੇੜੇ ਤੇਰੇ ਇੱਕ ਪੁੱਤਰ ਹੋਵੇਗਾ।” ਉਸ ਨੇ ਬੋਲਿਆ, “ਨਹੀਂ, ਮੇਰੇ ਸੁਆਮੀ! ਪਰਮੇਸ਼ਵਰ ਦੇ ਬੰਦੇ ਆਪਣੀ ਦਾਸੀ ਨਾਲ ਝੂਠ ਨਾ ਬੋਲ!”
17ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।