1ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਸਨ, ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ। ਉਹ ਗੁਪਤ ਰੂਪ ਵਿੱਚ ਵਿਨਾਸ਼ਕਾਰੀ ਝੂਠੀ ਸਿੱਖਿਆ ਨੂੰ ਤੁਹਾਡੇ ਅੱਗੇ ਪੇਸ਼ ਕਰਨਗੇ, ਇੱਥੋਂ ਤੱਕ ਕਿ ਉਹ ਉਸ ਸਰਵ ਸ਼ਕਤੀਮਾਨ ਪ੍ਰਭੂ ਦਾ ਵੀ ਇਨਕਾਰ ਕਰਨਗੇ ਜਿਸ ਨੇ ਉਨ੍ਹਾਂ ਨੂੰ ਖਰੀਦ ਲਿਆ ਹੈ ਅਤੇ ਆਪਣੇ ਆਪ ਉੱਤੇ ਤੇਜ਼ੀ ਨਾਲ ਤਬਾਹੀ ਲਿਆਉਂਦੇ ਹਨ।
2ਬਹੁਤ ਸਾਰੇ ਉਨ੍ਹਾਂ ਦੇ ਘਟੀਆ ਚਾਲ-ਚਲਣ ਦੀ ਪਾਲਣਾ ਕਰਨਗੇ ਅਤੇ ਸੱਚ ਦੇ ਰਾਹ ਨੂੰ ਬਦਨਾਮ ਕਰਨਗੇ।
3ਆਪਣੇ ਲਾਲਚ ਵਿੱਚ ਇਹ ਝੂਠੇ ਉਪਦੇਸ਼ਕ ਮਨਘੜਤ ਕਹਾਣੀਆਂ ਨਾਲ ਤੁਹਾਡਾ ਸ਼ੋਸ਼ਣ ਕਰਨਗੇ। ਉਨ੍ਹਾਂ ਦੀ ਸਜ਼ਾ ਲੰਮੇ ਸਮੇਂ ਤੋਂ ਉਨ੍ਹਾਂ ਉੱਤੇ ਲਟਕ ਰਹੀ ਹੈ, ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ।
4ਕਿਉਂਕਿ ਜੇ ਪਰਮੇਸ਼ਵਰ ਨੇ ਦੂਤਾਂ ਨੂੰ ਨਹੀਂ ਬਖਸ਼ਿਆ ਜਦੋਂ ਉਨ੍ਹਾਂ ਨੇ ਪਾਪ ਕੀਤਾ, ਸਗੋਂ ਉਨ੍ਹਾਂ ਨੂੰ ਨਰਕ ਵਿੱਚ ਭੇਜਿਆ, ਉਨ੍ਹਾਂ ਨੂੰ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ;
5ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਬਖਸ਼ਿਆ ਜਦੋਂ ਉਸ ਨੇ ਅਧਰਮੀ ਲੋਕਾਂ ਉੱਤੇ ਹੜ੍ਹ ਲਿਆਂਦਾ, ਪਰ ਨੋਹ, ਧਰਮ ਦੇ ਪ੍ਰਚਾਰਕ ਦੀ ਅਤੇ ਸੱਤ ਹੋਰਾਂ ਦੀ ਰੱਖਿਆ ਕੀਤੀ;