4ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ, ਅਤੇ ਹਰੇਕ ਆਦਮੀ ਦੀ ਅੱਧੀ ਦਾੜ੍ਹੀ ਕਟਵਾ ਦਿੱਤੀ, ਉਨ੍ਹਾਂ ਦੇ ਬਸਤਰ ਅੱਧ ਵਿੱਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਸ ਨੇ ਉਨ੍ਹਾਂ ਆਦਮੀਆਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂਕਿ ਉਨ੍ਹਾਂ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਸੀ। ਰਾਜੇ ਨੇ ਕਿਹਾ, “ਜਦ ਤੱਕ ਤੁਹਾਡੀ ਦਾੜ੍ਹੀ ਨਾ ਵਧ ਜਾਵੇ, ਯਰੀਹੋ ਵਿੱਚ ਠਹਿਰੋ, ਅਤੇ ਫਿਰ ਵਾਪਸ ਆ ਜਾਣਾ।”
6ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਹਮਣੇ ਘਿਣਾਉਣੇ ਹੋ ਗਏ ਹਨ, ਤਾਂ ਉਨ੍ਹਾਂ ਨੇ ਬੈਤ-ਰਹੋਬ ਅਤੇ ਸੋਬਾਹ ਤੋਂ ਵੀਹ ਹਜ਼ਾਰ ਅਰਾਮੀ ਪੈਦਲ ਸਿਪਾਹੀਆਂ ਨੂੰ ਅਤੇ ਮਕਾਹ ਦੇ ਰਾਜੇ ਨੂੰ ਇੱਕ ਹਜ਼ਾਰ ਆਦਮੀਆਂ ਨਾਲ ਅਤੇ ਤੋਬ ਤੋਂ ਵੀ ਬਾਰਾਂ ਹਜ਼ਾਰ ਆਦਮੀ ਕਿਰਾਏ ਤੇ ਲਏ।
7ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ।
8ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਸੋਬਾਹ ਅਤੇ ਰਹੋਬ ਦੇ ਅਰਾਮੀ ਅਤੇ ਤੋਬ ਅਤੇ ਮਕਾਹ ਦੇ ਲੋਕ ਅਲੱਗ ਮੈਦਾਨ ਵਿੱਚ ਸਨ।