1ਬਸੰਤ ਰੁੱਤ ਵਿੱਚ, ਜਦੋਂ ਰਾਜੇ ਯੁੱਧ ਲਈ ਜਾਂਦੇ ਸਨ, ਦਾਵੀਦ ਨੇ ਯੋਆਬ ਨੂੰ ਰਾਜਿਆਂ ਅਤੇ ਇਸਰਾਏਲ ਦੀ ਸਾਰੀ ਫ਼ੌਜ ਸਮੇਤ ਬਾਹਰ ਭੇਜਿਆ। ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਦਿੱਤਾ ਅਤੇ ਰਬਾਹ ਨੂੰ ਘੇਰ ਲਿਆ। ਪਰ ਦਾਵੀਦ ਯੇਰੂਸ਼ਲੇਮ ਵਿੱਚ ਹੀ ਰਿਹਾ।
2ਇੱਕ ਸ਼ਾਮ ਦਾਵੀਦ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਮਹਿਲ ਦੀ ਛੱਤ ਉੱਤੇ ਘੁੰਮਣ ਲੱਗਾ। ਉਸ ਨੇ ਛੱਤ ਤੋਂ ਇੱਕ ਔਰਤ ਨੂੰ ਨਹਾਉਂਦੇ ਦੇਖਿਆ। ਉਹ ਔਰਤ ਵੇਖਣ ਵਿੱਚ ਬਹੁਤ ਸੋਹਣੀ ਸੀ,
3ਅਤੇ ਦਾਵੀਦ ਨੇ ਉਸ ਬਾਰੇ ਪਤਾ ਕਰਨ ਲਈ ਕਿਸੇ ਨੂੰ ਭੇਜਿਆ। ਉਸ ਆਦਮੀ ਨੇ ਆਖਿਆ, “ਉਹ ਬੈਥਸ਼ੇਬਾ ਹੈ, ਅਲਯਾਮ ਦੀ ਧੀ ਅਤੇ ਹਿੱਤੀ ਊਰੀਯਾਹ ਦੀ ਪਤਨੀ ਹੈ।”
4ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ।