15ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ।
16ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ।
17ਉਸ ਦੇ ਘਰ ਦੇ ਬਜ਼ੁਰਗ ਉਸ ਨੂੰ ਜ਼ਮੀਨ ਤੋਂ ਉਠਾਉਣ ਲਈ ਉਸ ਦੇ ਕੋਲ ਆਏ, ਪਰ ਉਸ ਨੇ ਇਨਕਾਰ ਕਰ ਦਿੱਤਾ, ਅਤੇ ਉਸ ਨੇ ਉਨ੍ਹਾਂ ਨਾਲ ਭੋਜਨ ਵੀ ਨਾ ਕੀਤਾ।
18ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, “ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।”
19ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, “ਕੀ ਬੱਚਾ ਮਰ ਗਿਆ ਹੈ?” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਉਹ ਮਰ ਗਿਆ ਹੈ।”