14ਅਸੀਂ ਸਭਨਾ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਇਕੱਠਾ ਨਹੀਂ ਹੁੰਦਾ। ਪਰਮੇਸ਼ਵਰ ਕਿਸੇ ਦੇ ਵੀ ਜੀਵਨ ਨੂੰ ਤਬਾਹ ਨਹੀਂ ਕਰਦਾ। ਉਹ ਅਜਿਹੀ ਯੋਜਨਾ ਬਣਾਉਂਦਾ ਹੈ ਕਿ ਕੋਈ ਵੀ ਉਸ ਦੀ ਮੌਜੂਦਗੀ ਤੋਂ ਦੂਰ ਨਹੀਂ ਰਹਿੰਦਾ।
15“ਅਤੇ ਹੁਣ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਇਹ ਕਹਿਣ ਆਈ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਸੋਚਿਆ, ‘ਮੈਂ ਰਾਜੇ ਅੱਗੇ ਆਪ ਬੇਨਤੀ ਕਰਾਂਗੀ; ਸ਼ਾਇਦ ਉਹ ਆਪਣੀ ਦਾਸੀ ਦੀ ਬੇਨਤੀ ਨੂੰ ਪੂਰਾ ਕਰ ਦੇਵੇ।
16ਸ਼ਾਇਦ ਰਾਜਾ ਆਪਣੀ ਦਾਸੀ ਨੂੰ ਉਨ੍ਹਾਂ ਆਦਮੀਆਂ ਦੇ ਹੱਥੋਂ ਛੁਡਾਉਣ ਲਈ ਰਾਜ਼ੀ ਹੋ ਜਾਵੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ ਵਿਰਾਸਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ।’
17“ਅਤੇ ਹੁਣ ਤੇਰੀ ਦਾਸੀ ਆਖਦੀ ਹੈ, ‘ਮੇਰੇ ਮਹਾਰਾਜ ਪਾਤਸ਼ਾਹ ਦਾ ਬਚਨ ਮੇਰੀ ਵਿਰਾਸਤ ਨੂੰ ਸੁਰੱਖਿਅਤ ਕਰੇ, ਕਿਉਂਕਿ ਮੇਰਾ ਮਹਾਰਾਜ ਰਾਜਾ ਪਰਮੇਸ਼ਵਰ ਦੇ ਦੂਤ ਵਰਗਾ ਹੈ ਜੋ ਭਲੇ ਅਤੇ ਬੁਰੇ ਦੀ ਪਰਖ ਕਰਦਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ।’ ”
18ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।” ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”