16ਸ਼ਾਇਦ ਰਾਜਾ ਆਪਣੀ ਦਾਸੀ ਨੂੰ ਉਨ੍ਹਾਂ ਆਦਮੀਆਂ ਦੇ ਹੱਥੋਂ ਛੁਡਾਉਣ ਲਈ ਰਾਜ਼ੀ ਹੋ ਜਾਵੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ ਵਿਰਾਸਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ।’
17“ਅਤੇ ਹੁਣ ਤੇਰੀ ਦਾਸੀ ਆਖਦੀ ਹੈ, ‘ਮੇਰੇ ਮਹਾਰਾਜ ਪਾਤਸ਼ਾਹ ਦਾ ਬਚਨ ਮੇਰੀ ਵਿਰਾਸਤ ਨੂੰ ਸੁਰੱਖਿਅਤ ਕਰੇ, ਕਿਉਂਕਿ ਮੇਰਾ ਮਹਾਰਾਜ ਰਾਜਾ ਪਰਮੇਸ਼ਵਰ ਦੇ ਦੂਤ ਵਰਗਾ ਹੈ ਜੋ ਭਲੇ ਅਤੇ ਬੁਰੇ ਦੀ ਪਰਖ ਕਰਦਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੋਵੇ।’ ”
18ਤਦ ਰਾਜੇ ਨੇ ਉਸ ਔਰਤ ਨੂੰ ਕਿਹਾ, “ਜੋ ਮੈਂ ਤੇਰੇ ਤੋਂ ਪੁੱਛਣ ਜਾ ਰਿਹਾ ਹਾਂ, ਉਸ ਦਾ ਜਵਾਬ ਮੇਰੇ ਤੋਂ ਨਾ ਲੁਕਾਈ।” ਔਰਤ ਨੇ ਕਿਹਾ, “ਜੀ ਮਹਾਰਾਜ ਪਾਤਸ਼ਾਹ ਦੱਸੋ।”
19ਰਾਜੇ ਨੇ ਪੁੱਛਿਆ, “ਕੀ ਇਸ ਸਭ ਵਿੱਚ ਤੇਰੇ ਨਾਲ ਯੋਆਬ ਦਾ ਹੱਥ ਨਹੀਂ ਹੈ?” ਆਪਣੇ ਜੀਵਨ ਦੀ ਸਹੁੰ, “ਮਹਾਰਾਜ, ਮੇਰੇ ਮਾਲਕ ਦੁਆਰਾ ਪੁੱਛੇ ਸਵਾਲ ਦਾ ਜਵਾਬ ਪੂਰਨ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਇਹ ਯੋਆਬ ਸੀ ਜਿਸਨੇ ਮੈਨੂੰ ਇਹ ਸਭ ਕਰਨ ਦਾ ਹੁਕਮ ਦਿੱਤਾ ਸੀ; ਇਹ ਸਾਰੀਆਂ ਗੱਲਾਂ ਉਸ ਨੇ ਤੇਰੇ ਸੇਵਕ ਨੂੰ ਸੁਝਾਈਆਂ ਸਨ।
20ਤੁਹਾਡੇ ਸੇਵਕ ਯੋਆਬ ਨੇ ਮੌਜੂਦਾ ਸਥਿਤੀ ਨੂੰ ਬਦਲਣ ਲਈ ਅਜਿਹਾ ਕੀਤਾ। ਮੇਰੇ ਸੁਆਮੀ ਕੋਲ ਪਰਮੇਸ਼ਵਰ ਦੇ ਦੂਤ ਦੀ ਬੁੱਧੀ ਹੈ, ਉਹ ਧਰਤੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ।”