1ਦਾਵੀਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਉੱਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਅਨੁਸਾਰ ਸੈਨਾਪਤੀ ਨਿਯੁਕਤ ਕੀਤੇ।
2ਦਾਵੀਦ ਨੇ ਆਪਣੀਆਂ ਫ਼ੌਜਾਂ ਭੇਜੀਆਂ, ਇੱਕ ਤਿਹਾਈ ਯੋਆਬ ਅਗਵਾਈ ਹੇਠ, ਇੱਕ ਤਿਹਾਈ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਅਗਵਾਈ ਹੇਠ ਅਤੇ ਇੱਕ ਤਿਹਾਈ ਗਿੱਤੀ ਇੱਤਾਈ ਦੀ ਅਗਵਾਈ ਹੇਠ। ਰਾਜੇ ਨੇ ਫੌਜਾਂ ਨੂੰ ਕਿਹਾ, “ਮੈਂ ਆਪ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।”
3ਪਰ ਆਦਮੀਆਂ ਨੇ ਆਖਿਆ, “ਤੁਹਾਨੂੰ ਨਾਲ ਨਹੀਂ ਜਾਣਾ ਚਾਹੀਦਾ ਕਿਉਂ ਜੋ ਜੇ ਕਿਤੇ ਸਾਨੂੰ ਭੱਜਣਾ ਪਿਆ, ਉਹਨਾਂ ਨੂੰ ਤਾਂ ਸਾਡੀ ਕੋਈ ਲੋੜ ਨਹੀਂ ਹੈ ਅਤੇ ਜੇ ਸਾਡੇ ਵਿੱਚੋਂ ਅੱਧੇ ਮਰ ਵੀ ਜਾਣ ਤਾਂ ਵੀ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ, ਪਰ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖ ਦੇ ਬਰਾਬਰ ਹੋ। ਹੁਣ ਤੁਸੀਂ ਸਾਡੇ ਲਈ ਸ਼ਹਿਰ ਵਿੱਚ ਹੀ ਰਹਿ ਕੇ ਸਾਡੇ ਲਈ ਸਹਾਇਤਾ ਕਰੋ।”
4ਰਾਜੇ ਨੇ ਜਵਾਬ ਦਿੱਤਾ, “ਮੈਂ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ।” ਇਸ ਲਈ ਰਾਜਾ ਸ਼ਹਿਰ ਦੇ ਫਾਟਕ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਕੋਲ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿਕਲ ਗਏ।
5ਰਾਜੇ ਨੇ ਯੋਆਬ, ਅਬੀਸ਼ਾਈ ਅਤੇ ਇੱਤਾਈ ਨੂੰ ਹੁਕਮ ਦਿੱਤਾ, “ਮੇਰੇ ਕਾਰਨ ਅਬਸ਼ਾਲੋਮ ਨਾਲ ਨਰਮੀ ਨਾਲ ਪੇਸ਼ ਆਉਣਾ।” ਅਤੇ ਸਾਰੀਆਂ ਫ਼ੌਜਾਂ ਨੇ ਰਾਜੇ ਨੂੰ ਅਬਸ਼ਾਲੋਮ ਦੇ ਬਾਰੇ ਹੁਕਮ ਦਿੰਦੇ ਸੁਣਿਆ।