6ਤਦ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਹੁਣ ਬਿਕਰੀ ਦਾ ਪੁੱਤਰ ਸ਼ੀਬਾ ਸਾਨੂੰ ਅਬਸ਼ਾਲੋਮ ਨਾਲੋਂ ਵੱਧ ਦੁਸ਼ਟਤਾ ਕਰੇਗਾ। ਆਪਣੇ ਮਾਲਕ ਦੇ ਨੌਕਰਾਂ ਨੂੰ ਲੈ ਕੇ ਉਹ ਦਾ ਪਿੱਛਾ ਕਰ, ਤਾਂ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਨਾ ਵੜ ਸਕੇ ਅਤੇ ਸਾਡੇ ਤੋਂ ਲੁਕ ਨਾ ਸਕੇ।”
7ਤਦ ਯੋਆਬ ਨੇ ਅਬੀਸ਼ਾਈ ਦੀ ਅਗਵਾਈ ਵਿੱਚ ਕਰੇਥੀ, ਪਲੇਥੀ ਅਤੇ ਹੋਰ ਸੂਰਬੀਰ ਨਿਕਲੇ ਅਤੇ ਉਹ ਯੇਰੂਸ਼ਲੇਮ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲੱਗੇ।
8ਜਦੋਂ ਉਹ ਗਿਬਓਨ ਦੀ ਵੱਡੀ ਚੱਟਾਨ ਦੇ ਨੇੜੇ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ। ਇਸ ਸਮੇਂ ਯੋਆਬ ਲੜਾਈ ਲਈ ਤਿਆਰ ਸੀ। ਉਸ ਦੀ ਕਮਰ ਦੁਆਲੇ ਇੱਕ ਪੇਟੀ ਸੀ ਅਤੇ ਉਸ ਦੇ ਪੱਟ ਉੱਤੇ ਇੱਕ ਮਿਆਨ ਵਿੱਚ ਇੱਕ ਤਲਵਾਰ ਵੀ ਸੀ। ਜਦੋਂ ਉਹ ਅੱਗੇ ਵਧਿਆ ਤਾਂ ਤਲਵਾਰ ਡਿੱਗ ਪਈ।
9ਯੋਆਬ ਨੇ ਅਮਾਸਾ ਨੂੰ ਕਿਹਾ, “ਮੇਰੇ ਭਰਾ, ਤੂੰ ਕਿਵੇਂ ਹੈ?” ਤਦ ਯੋਆਬ ਨੇ ਅਮਾਸਾ ਨੂੰ ਚੁੰਮਣ ਲਈ ਆਪਣੇ ਸੱਜੇ ਹੱਥ ਨਾਲ ਦਾੜ੍ਹੀ ਫੜੀ।
10ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।