27ਜਦੋਂ ਸੱਤ ਦਿਨ ਦੀ ਰਸਮ ਖ਼ਤਮ ਹੋਣ ਲੱਗੀ, ਤਾਂ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀਆਂ ਨੇ ਪੌਲੁਸ ਨੂੰ ਹੈਕਲ ਵਿੱਚ ਵੇਖਿਆ। ਉਨ੍ਹਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਉਸ ਨੂੰ ਫੜ ਲਿਆ,
28ਉੱਚੀ ਆਵਾਜ਼ ਵਿੱਚ ਕਿਹਾ, “ਹੇ ਭਾਈਬੰਦ ਇਸਰਾਏਲੀਓ, ਸਾਡੀ ਮਦਦ ਕਰੋ! ਇਹ ਉਹ ਆਦਮੀ ਹੈ ਜੋ ਹਰ ਜਗ੍ਹਾ ਸਾਡੇ ਲੋਕਾਂ ਅਤੇ ਸਾਡੇ ਕਾਨੂੰਨ ਅਤੇ ਇਸ ਜਗ੍ਹਾ ਦੇ ਵਿਰੁੱਧ ਸਿਖਾਉਂਦਾ ਹੈ, ਅਤੇ ਇਸ ਤੋਂ ਇਲਾਵਾ, ਉਹ ਯੂਨਾਨੀਆਂ ਨੂੰ ਹੈਕਲ ਵਿੱਚ ਲਿਆਇਆ ਅਤੇ ਇਸ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ।”
29ਉਨ੍ਹਾਂ ਨੇ ਪਹਿਲਾਂ ਟ੍ਰੋਫਿਮਸ ਨੂੰ ਅਫ਼ਸੀਆਂ ਸ਼ਹਿਰ ਵਿੱਚ ਪੌਲੁਸ ਨਾਲ ਵੇਖਿਆ ਸੀ ਅਤੇ ਮੰਨਿਆ ਸੀ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ।
30ਸਾਰੇ ਯੇਰੂਸ਼ਲੇਮ ਸ਼ਹਿਰ ਵਿੱਚ ਰੌਲਾ ਪੈ ਗਿਆ, ਅਤੇ ਲੋਕ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਪੌਲੁਸ ਨੂੰ ਫੜ੍ਹ ਲਿਆ ਅਤੇ ਉਸ ਨੂੰ ਹੈਕਲ ਤੋਂ ਬਾਹਰ ਖਿੱਚ ਲਿਆਏ ਅਤੇ ਉਸੇ ਵੇਲੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
31ਜਦੋਂ ਉਹ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਰੋਮੀ ਫ਼ੌਜਾਂ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਯੇਰੂਸ਼ਲੇਮ ਦੇ ਪੂਰੇ ਸ਼ਹਿਰ ਵਿੱਚ ਰੌਲਾ-ਰੱਪਾ ਪੈ ਗਿਆ।