1ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਮੋਆਬ ਦੇ ਤਿੰਨ ਪਾਪਾਂ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ,
2ਮੈਂ ਮੋਆਬ ਉੱਤੇ ਅੱਗ ਭੇਜਾਂਗਾ ਜੋ ਕੇਰੀਯੋਥ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ। ਮੋਆਬ ਇੱਕ ਵੱਡੇ ਹੰਗਾਮੇ ਵਿੱਚ ਤਬਾਹ ਹੋ ਜਾਵੇਗਾ, ਉਸ ਸਮੇਂ ਯੁੱਧ ਦੇ ਨਾਹਰੇ ਅਤੇ ਤੁਰ੍ਹੀਆਂ ਵਜਾਈਆਂ ਜਾਣਗੀਆਂ।
3ਮੈਂ ਉਸਦੇ ਹਾਕਮ ਨੂੰ ਤਬਾਹ ਕਰ ਦਿਆਂਗਾ, ਅਤੇ ਉਸਦੇ ਨਾਲ ਉਸਦੇ ਸਾਰੇ ਅਧਿਕਾਰੀਆਂ ਨੂੰ ਮਾਰ ਦਿਆਂਗਾ,” ਯਾਹਵੇਹ ਦੀ ਇਹ ਬਾਣੀ ਹੈ।
4ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਯਹੂਦਾਹ ਦੇ ਤਿੰਨ ਪਾਪਾਂ ਦੇ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਨ੍ਹਾਂ ਨੇ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ, ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਝੂਠੇ ਦੇਵਤਿਆਂ ਦੁਆਰਾ ਭਰਮਾਇਆ ਗਿਆ ਹੈ, ਜਿਸ ਦੇਵਤੇ ਦੀ ਪਾਲਣਾ ਉਨ੍ਹਾਂ ਦੇ ਪੁਰਖਿਆਂ ਨੇ ਕੀਤੀ ਸੀ,
5ਮੈਂ ਯਹੂਦਾਹ ਉੱਤੇ ਅੱਗ ਭੇਜਾਂਗਾ ਜੋ ਯੇਰੂਸ਼ਲੇਮ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”