23ਅਤੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਮਜ਼ਬੂਤੀ ਨਾਲ ਬੰਨ੍ਹੇ ਕੇ, ਬਲਦੀ ਹੋਈ ਭੱਠੀ ਵਿੱਚ ਸੁੱਟ ਦਿੱਤੇ ਗਏ।
24ਤਦ ਰਾਜਾ ਨਬੂਕਦਨੱਸਰ ਹੈਰਾਨ ਹੋ ਕੇ ਆਪਣੇ ਪੈਰਾਂ ਉੱਤੇ ਚੜ੍ਹਿਆ ਅਤੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਕੀ ਇੱਥੇ ਤਿੰਨ ਆਦਮੀ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਬੰਨ੍ਹ ਕੇ ਅੱਗ ਵਿੱਚ ਸੁੱਟ ਦਿੱਤਾ ਸੀ?” ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, “ਇਹ ਸੱਚ ਹੈ।”
25ਉਸ ਨੇ ਕਿਹਾ, “ਦੇਖੋ! ਮੈਂ ਚਾਰ ਆਦਮੀਆਂ ਨੂੰ ਅੱਗ ਵਿੱਚ ਘੁੰਮਦੇ ਵੇਖਦਾ ਹਾਂ, ਬਿਨਾਂ ਕਿਸੇ ਨੁਕਸਾਨ ਦੇ ਅਤੇ ਚੌਥੇ ਦਾ ਸਰੂਪ ਪਰਮੇਸ਼ਵਰ ਦੇ ਪੁੱਤਰ ਜਿਹਾ ਹੈ।”
26ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!” ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ,
27ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।