22ਹੇ ਮਹਾਰਾਜ, ਤੁਸੀਂ ਉਹ ਰੁੱਖ ਹੋ! ਤੁਸੀਂ ਮਹਾਨ ਅਤੇ ਤਕੜੇ ਹੋ ਗਏ ਹੋ; ਤੁਹਾਡੀ ਮਹਾਨਤਾ ਅਕਾਸ਼ ਤੱਕ ਵਧ ਗਈ ਹੈ ਅਤੇ ਤੁਹਾਡੀ ਹਕੂਮਤ ਧਰਤੀ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਫੈਲ ਗਈ ਹੈ।
23“ਹੇ ਮਹਾਰਾਜ, ਤੁਸੀਂ ਜੋ ਇੱਕ ਪਵਿੱਤਰ ਪੁਰਖ, ਇੱਕ ਦੂਤ ਨੂੰ ਸਵਰਗ ਤੋਂ ਹੇਠਾਂ ਆਉਂਦਿਆਂ ਵੇਖਿਆ ਅਤੇ ਕਿਹਾ, ‘ਰੁੱਖ ਨੂੰ ਵੱਢੋ ਅਤੇ ਇਸ ਨੂੰ ਤਬਾਹ ਕਰ ਦਿਓ, ਪਰ ਟੁੰਡ ਨੂੰ ਲੋਹੇ ਅਤੇ ਪਿੱਤਲ ਨਾਲ ਬੰਨ੍ਹਿਆ ਹੋਇਆ, ਖੇਤ ਦੇ ਘਾਹ ਵਿੱਚ ਛੱਡ ਦਿਓ, ਜਦੋਂ ਤੱਕ ਕਿ ਇਸ ਦੀਆਂ ਜੜ੍ਹਾਂ ਜ਼ਮੀਨ ਅੰਦਰ ਰਹਿੰਦੀਆਂ ਹਨ। ਉਸਨੂੰ ਸਵਰਗ ਦੀ ਤ੍ਰੇਲ ਨਾਲ ਭਿੱਜ ਜਾਣ ਦਿਓ; ਉਸ ਨੂੰ ਜੰਗਲੀ ਜਾਨਵਰਾਂ ਦੇ ਨਾਲ ਰਹਿਣ ਦਿਓ, ਜਦੋਂ ਤੱਕ ਸੱਤ ਸਮੇਂ ਉਸ ਲਈ ਲੰਘ ਨਾ ਜਾਣ।’
24“ਹੇ ਮਹਾਰਾਜ, ਇਹ ਦਾ ਅਰਥ ਇਹ ਹੈ ਕਿ ਇੱਕ ਫ਼ਰਮਾਨ ਹੈ ਜੋ ਅੱਤ ਮਹਾਨ ਨੇ ਮੇਰੇ ਸੁਆਮੀ ਪਾਤਸ਼ਾਹ ਦੇ ਵਿਰੁੱਧ ਜਾਰੀ ਕੀਤਾ ਹੈ:
25ਤੁਸੀਂ ਲੋਕਾਂ ਤੋਂ ਦੂਰ ਚਲੇ ਜਾਵੋਂਗੇ ਅਤੇ ਜੰਗਲੀ ਜਾਨਵਰਾਂ ਨਾਲ ਰਹੋਗੇ; ਤੁਸੀਂ ਬਲਦ ਵਾਂਗ ਘਾਹ ਖਾਓਗੇ ਅਤੇ ਅਕਾਸ਼ ਦੀ ਤ੍ਰੇਲ ਨਾਲ ਭਿੱਜ ਜਾਵੋਂਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ।
26ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ।