9ਇਸ ਲਈ ਰਾਜਾ ਦਾਰਾ ਨੇ ਇਹ ਹੁਕਮ ਲਿਖਤੀ ਰੂਪ ਵਿੱਚ ਦੇ ਦਿੱਤਾ।
10ਜਦ ਦਾਨੀਏਲ ਨੂੰ ਪਤਾ ਲੱਗਿਆ ਕਿ ਉਸ ਲਿਖਤ ਉੱਤੇ ਦਸਖ਼ਤ ਹੋ ਗਏ ਹਨ ਤਦ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯੇਰੂਸ਼ਲੇਮ ਵੱਲ ਸੀ, ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ਵਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ।
11ਤਦ ਇਹ ਆਦਮੀ ਇੱਕ ਸਮੂਹ ਦੇ ਰੂਪ ਵਿੱਚ ਗਏ ਅਤੇ ਦਾਨੀਏਲ ਨੂੰ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਤੋਂ ਮਦਦ ਮੰਗਦੇ ਵੇਖਿਆ।
12ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ ਭਈ ਹੇ ਰਾਜਾ: “ਕੀ ਤੁਸੀਂ ਉਸ ਲਿਖਤ ਉੱਤੇ ਦਸਖ਼ਤ ਨਹੀਂ ਕੀਤੇ ਕਿ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਹ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਜਾਵੇਗਾ? “ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਇਹ ਗੱਲ ਸੱਚ ਹੈ, ਮਾਦੀਆਂ ਅਤੇ ਫ਼ਾਰਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ।”
13ਤਦ ਉਹਨਾਂ ਨੇ ਰਾਜੇ ਨੂੰ ਆਖਿਆ, “ਦਾਨੀਏਲ, ਜੋ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇੱਕ ਹੈ, ਹੇ ਮਹਾਰਾਜ, ਤੁਹਾਡੇ ਵੱਲ ਕੋਈ ਧਿਆਨ ਨਹੀਂ ਦਿੰਦਾ, ਨਾ ਉਸ ਫ਼ਰਮਾਨ ਵੱਲ ਜੋ ਤੁਸੀਂ ਲਿਖਤ ਵਿੱਚ ਦਿੱਤਾ ਸੀ। ਉਹ ਅਜੇ ਵੀ ਦਿਨ ਵਿੱਚ ਤਿੰਨ ਵਾਰ ਪ੍ਰਾਰਥਨਾ ਕਰਦਾ ਹੈ।”