2ਤਦ ਤੁਸੀਂ ਆਪਣੇ ਲਈ ਉਸ ਧਰਤੀ ਵਿੱਚ ਤਿੰਨ ਸ਼ਹਿਰ ਅਲੱਗ ਰੱਖੋ, ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ।
3ਤੁਸੀਂ ਆਪਣੇ ਰਾਹ ਠੀਕ ਕਰ ਲਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਤਾਂ ਜੋ ਹਰੇਕ ਖੂਨੀ ਉੱਥੇ ਭੱਜ ਜਾਵੇ।
4ਇਹ ਉਸ ਵਿਅਕਤੀ ਦੇ ਲਈ ਨਿਯਮ ਹੈ ਜੋ ਕਿਸੇ ਵਿਅਕਤੀ ਨੂੰ ਮਾਰਦਾ ਹੈ ਅਤੇ ਸੁਰੱਖਿਆ ਲਈ ਉੱਥੋਂ ਭੱਜ ਜਾਂਦਾ ਹੈ, ਕੋਈ ਵੀ ਜਿਹੜਾ ਕਿਸੇ ਗੁਆਂਢੀ ਨੂੰ ਅਣਜਾਣੇ ਵਿੱਚ, ਬਿਨਾਂ ਸੋਚੇ ਸਮਝੇ ਮਾਰ ਦਿੰਦਾ ਹੈ।
5ਉਦਾਹਰਣ ਵਜੋਂ, ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚ ਲੱਕੜਾਂ ਵੱਢਣ ਲਈ ਜਾਂਦਾ ਹੈ, ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ।
6ਨਹੀਂ ਤਾਂ ਖ਼ੂਨ ਦਾ ਬਦਲਾ ਲੈਣ ਵਾਲਾ ਗੁੱਸੇ ਵਿੱਚ ਉਹ ਦਾ ਪਿੱਛਾ ਕਰ ਸਕਦਾ ਹੈ, ਜੇਕਰ ਦੂਰੀ ਬਹੁਤ ਜ਼ਿਆਦਾ ਨਾ ਹੋਵੇ ਤਾਂ ਉਹ ਨੂੰ ਫੜ ਲਵੇ ਅਤੇ ਉਸਨੂੰ ਮਾਰ ਸੁੱਟੇ ਭਾਵੇਂ ਕਿ ਉਹ ਮਾਰਨ ਯੋਗ ਨਹੀਂ ਸੀ, ਕਿਉਂ ਜੋ ਉਹ ਆਪਣੇ ਗੁਆਂਢੀ ਨਾਲ ਪਹਿਲਾਂ ਤੋਂ ਹੀ ਵੈਰ ਨਹੀਂ ਰੱਖਦਾ ਸੀ।