25ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”
26ਕੇਦੇਮੋਥ ਦੇ ਮਾਰੂਥਲ ਤੋਂ ਮੈਂ ਹੇਸ਼ਬੋਨ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕਾਂ ਨੂੰ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,
27“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਮੁੱਖ ਸੜਕ ਉੱਤੇ ਰਹਾਂਗੇ, ਅਸੀਂ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ।
28ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ। ਸਿਰਫ ਮੈਨੂੰ ਪੈਦਲ ਪਾਰ ਲੰਘਣ ਦੇ,
29ਜਿਵੇਂ ਕਿ ਏਸਾਓ ਦੇ ਉੱਤਰਾਧਿਕਾਰੀਆਂ ਨੇ ਜੋ ਸੇਈਰ ਵਿੱਚ ਰਹਿੰਦੇ ਸਨ ਅਤੇ ਮੋਆਬੀਆਂ ਨੇ, ਜੋ ਆਰ ਵਿੱਚ ਰਹਿੰਦੇ ਸਨ, ਸਾਡੇ ਲਈ ਕੀਤਾ, ਜਦੋਂ ਤੱਕ ਅਸੀਂ ਯਰਦਨ ਪਾਰ ਕਰਕੇ ਯਾਹਵੇਹ ਦੀ ਧਰਤੀ ਵਿੱਚ ਨਹੀਂ ਜਾਂਦੇ, ਜਿਹੜਾ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।”