30ਪਰ ਹੇਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਉੱਥੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਉਸਦੀ ਆਤਮਾ ਨੂੰ ਜ਼ਿੱਦੀ ਅਤੇ ਉਸਦੇ ਦਿਲ ਨੂੰ ਕਠੋਰ ਬਣਾਇਆ ਸੀ, ਜਿਵੇਂ ਉਸਨੇ ਹੁਣ ਕੀਤਾ ਹੈ।
31ਯਾਹਵੇਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸਦੇ ਦੇਸ਼ ਨੂੰ ਤੇਰੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਦੀ ਧਰਤੀ ਨੂੰ ਜਿੱਤਣ ਅਤੇ ਕਬਜ਼ਾ ਕਰਨਾ ਸ਼ੁਰੂ ਕਰੋ।”
32ਜਦੋਂ ਸੀਹੋਨ ਅਤੇ ਉਸ ਦੀ ਸਾਰੀ ਫ਼ੌਜ ਯਹਾਜ਼ ਵਿੱਚ ਲੜਾਈ ਵਿੱਚ ਸਾਨੂੰ ਮਿਲਣ ਲਈ ਬਾਹਰ ਆਈ,
33ਤਾਂ ਸਾਡੇ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ।
34ਉਸ ਸਮੇਂ ਅਸੀਂ ਉਸਦੇ ਸਾਰੇ ਨਗਰ ਲੈ ਲਏ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਰਥਾਤ ਆਦਮੀਆਂ, ਔਰਤਾਂ ਅਤੇ ਬੱਚਿਆਂ ਤੱਕ, ਅਸੀਂ ਇੱਕ ਵੀ ਨਹੀਂ ਛੱਡਿਆ।