19ਜਦੋਂ ਅਜਿਹਾ ਵਿਅਕਤੀ ਇਸ ਸਰਾਪ ਦੇ ਵੇਰਵਿਆਂ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਮਨ ਵਿੱਚ ਆਪਣੇ ਆਪ ਨੂੰ ਵਧਾਈ ਦੇਵੇਗਾ ਅਤੇ ਸੋਚੇਗਾ, “ਮੈਂ ਸੁਰੱਖਿਅਤ ਰਹਾਂਗਾ ਭਾਵੇਂ ਮੈਂ ਜੋ ਚਾਹਾਂਗਾ!” ਇਸ ਦੁਆਰਾ, ਉਹ ਵਿਅਕਤੀ ਸਿੰਚਾਈ ਵਾਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੋਵਾਂ ਉੱਤੇ ਤਬਾਹੀ ਲਿਆਵੇਗਾ।
20ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ।
21ਬਿਵਸਥਾ ਦੀ ਇਸ ਪੋਥੀ ਵਿੱਚ ਲਿਖੇ ਨੇਮ ਦੇ ਸਾਰੇ ਸਰਾਪਾਂ ਦੇ ਅਨੁਸਾਰ, ਯਾਹਵੇਹ ਉਹਨਾਂ ਨੂੰ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬਿਪਤਾ ਲਈ ਵੱਖਰਾ ਕਰੇਗਾ।
22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ।
23ਸਾਰੀ ਧਰਤੀ ਲੂਣ ਅਤੇ ਗੰਧਕ ਦੀ ਬਲਦੀ ਰਹਿੰਦ-ਖੂੰਹਦ ਦੀ ਹੋ ਜਾਵੇਗੀ, ਕੁਝ ਵੀ ਨਹੀਂ ਬੀਜਿਆ ਜਾਵੇਗਾ, ਨਾ ਕੁਝ ਉੱਗੇਗਾ, ਨਾ ਕੋਈ ਬਨਸਪਤੀ ਉੱਗੇਗੀ। ਇਹ ਸੋਦੋਮ ਅਤੇ ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਦੀ ਤਬਾਹੀ ਵਰਗਾ ਹੋਵੇਗਾ, ਜਿਸ ਨੂੰ ਯਾਹਵੇਹ ਨੇ ਭਿਆਨਕ ਕ੍ਰੋਧ ਵਿੱਚ ਉਖਾੜ ਦਿੱਤਾ ਸੀ।