1ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।
2ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ: ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ।
3ਤੁਸੀਂ ਆਪਣੀਆਂ ਅੱਖਾਂ ਨਾਲ ਉਹ ਵੱਡੇ ਪਰਤਾਵੇ, ਉਹ ਨਿਸ਼ਾਨ ਅਤੇ ਮਹਾਨ ਅਚੰਭੇ ਵੇਖੇ ਸਨ।
4ਪਰ ਅੱਜ ਤੱਕ ਯਾਹਵੇਹ ਨੇ ਤੁਹਾਨੂੰ ਨਾ ਤਾਂ ਸਮਝਣ ਵਾਲਾ ਮਨ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ।
5ਫਿਰ ਵੀ ਯਾਹਵੇਹ ਆਖਦਾ ਹੈ, “ਉਹਨਾਂ ਚਾਲੀ ਸਾਲਾਂ ਦੌਰਾਨ ਜਦੋਂ ਮੈਂ ਤੁਹਾਨੂੰ ਉਜਾੜ ਵਿੱਚ ਲੈ ਗਿਆ, ਨਾ ਤੁਹਾਡੇ ਸਰੀਰ ਤੋਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੇ ਪੈਰਾਂ ਦੀਆਂ ਜੁੱਤੀਆਂ ਪੁਰਾਣੀਆਂ ਹੋਈਆਂ।