1ਹੇ ਇਸਰਾਏਲ, ਹੁਣ ਉਹਨਾਂ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸੁਣੋ ਜੋ ਮੈਂ ਤੁਹਾਨੂੰ ਸਿਖਾਉਣ ਵਾਲਾ ਹਾਂ। ਉਹਨਾਂ ਦੇ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਅੰਦਰ ਜਾ ਸਕੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
2ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਹਨਾਂ ਵਿੱਚ ਨਾ ਕੁਝ ਜੋੜੋ ਅਤੇ ਨਾ ਘਟਾਓ ਸਗੋਂ ਆਪਣੇ ਯਾਹਵੇਹ ਦੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।
3ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਯਾਹਵੇਹ ਨੇ ਬਆਲ ਪਓਰ ਵਿੱਚ ਕੀ ਕੀਤਾ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਮਨੁੱਖਾਂ ਨੂੰ ਨਾਸ ਕਰ ਦਿੱਤਾ ਜਿਹੜੇ ਬਆਲ ਪਓਰ ਦੇ ਪਿੱਛੇ ਹੋ ਗਏ ਸਨ।