5ਵੇਖੋ, ਜਿਵੇਂ ਯਾਹਵੇਹ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਫ਼ਰਮਾਨ ਅਤੇ ਬਿਧੀਆਂ ਸਿਖਾਈਆਂ ਹਨ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ ਇਸ ਵਿੱਚ ਤੁਸੀਂ ਉਹਨਾਂ ਦੀ ਪਾਲਣਾ ਕਰੋ।
6ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰਾ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ, “ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।”
7ਹੋਰ ਕਿਹੜੀ ਕੌਮ ਇੰਨੀ ਮਹਾਨ ਕੌਮ ਹੈ ਕਿ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਇੰਨਾ ਨਜ਼ਦੀਕ ਹੈ, ਜਿਵੇਂ ਕਿ ਜਦੋਂ ਅਸੀਂ ਉਸ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਸਾਡਾ ਪਰਮੇਸ਼ਵਰ ਸਾਡੇ ਨੇੜੇ ਹੁੰਦਾ ਹੈ?
8ਅਤੇ ਹੋਰ ਕਿਹੜੀ ਕੌਮ ਏਨੀ ਮਹਾਨ ਹੈ ਜਿਸ ਕੋਲ ਇਹੋ ਜਿਹੇ ਧਰਮੀ ਫ਼ਰਮਾਨ ਅਤੇ ਬਿਵਸਥਾ ਹੋਣ ਜਿਵੇਂ ਮੈਂ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ?
9ਸਿਰਫ ਸਾਵਧਾਨ ਰਹੋ ਅਤੇ ਆਪਣੇ ਆਪ ਨੂੰ ਧਿਆਨ ਨਾਲ ਵੇਖੋ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਨਾ ਜਾਓ ਜੋ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਜਾਂ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹ ਤੁਹਾਡੇ ਦਿਲ ਵਿੱਚੋਂ ਅਲੋਪ ਨਾ ਹੋ ਜਾਣ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸਿਖਾਓ।