8ਤਦ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ ਲੋਕਾਂ ਵਿੱਚ ਕੁਝ ਲੋਕ ਖਿੰਡੇ ਹੋਏ ਹਨ ਜੋ ਆਪਣੇ ਆਪ ਨੂੰ ਅਲੱਗ ਰੱਖਦੇ ਹਨ। ਉਹਨਾਂ ਦੇ ਰੀਤੀ-ਰਿਵਾਜ ਹੋਰ ਸਾਰੇ ਲੋਕਾਂ ਨਾਲੋਂ ਵੱਖਰੇ ਹਨ, ਅਤੇ ਉਹ ਰਾਜੇ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ; ਉਹਨਾਂ ਨੂੰ ਬਰਦਾਸ਼ਤ ਕਰਨਾ ਰਾਜੇ ਦੇ ਹਿੱਤ ਵਿੱਚ ਨਹੀਂ ਹੈ।
9ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹਨਾਂ ਨੂੰ ਨਾਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਮੈਂ ਸ਼ਾਹੀ ਖ਼ਜ਼ਾਨੇ ਲਈ ਰਾਜੇ ਦੇ ਪ੍ਰਬੰਧਕਾਂ ਨੂੰ ਤਿੰਨ ਲੱਖ ਚਾਲੀ ਹਜ਼ਾਰ ਕਿਲੋਗ੍ਰਾਮ ਤੋੜੇ ਚਾਂਦੀ ਦਿਆਂਗਾ।”
10ਤਾਂ ਰਾਜੇ ਨੇ ਆਪਣੀ ਉਂਗਲ ਵਿੱਚੋਂ ਆਪਣੀ ਦਸਤਕਾਰੀ ਵਾਲੀ ਅੰਗੂਠੀ ਲੈ ਕੇ ਯਹੂਦੀਆਂ ਦੇ ਦੁਸ਼ਮਣ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦਿੱਤੀ।
11ਰਾਜੇ ਨੇ ਹਾਮਾਨ ਨੂੰ ਕਿਹਾ, “ਪੈਸੇ ਆਪਣੇ ਕੋਲ ਰੱਖ ਅਤੇ ਲੋਕਾਂ ਨਾਲ ਜਿਵੇਂ ਤੂੰ ਚਾਹੇ ਕਰ।”
12ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ।