3ਤਦ ਰਾਣੀ ਏਸਤੇਰ ਨੇ ਉੱਤਰ ਦਿੱਤਾ, “ਹੇ ਮਹਾਰਾਜ, ਜੇ ਮੇਰੇ ਉੱਤੇ ਤੁਹਾਡੀ ਕਿਰਪਾ ਹੋਈ ਹੈ ਅਤੇ ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਇਹ ਬੇਨਤੀ ਹੈ ਕਿ ਮੇਰੀ ਅਤੇ ਮੇਰੇ ਲੋਕਾਂ ਦੀ ਜਾਨ ਬਖ਼ਸ਼ੀ ਜਾਵੇ।
4ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇਕਰ ਅਸੀਂ ਸਿਰਫ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ।”
5ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਪੁੱਛਿਆ, “ਉਹ ਕੌਣ ਹੈ ਅਤੇ ਕਿੱਥੇ ਹੈ ਉਹ ਆਦਮੀ ਜਿਸ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ?”
6ਏਸਤੇਰ ਨੇ ਕਿਹਾ, “ਉਹ ਦੁਸ਼ਮਣ, ਉਹ ਵਿਰੋਧੀ, ਇਹ ਦੁਸ਼ਟ ਹਾਮਾਨ ਹੈ!” ਤਦ ਹਾਮਾਨ ਰਾਜੇ ਅਤੇ ਰਾਣੀ ਦੇ ਸਾਹਮਣੇ ਘਬਰਾ ਗਿਆ।
7ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਦਾਖ਼ਰਸ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ਼ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਏਸਤੇਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ।