2ਰਾਜੇ ਨੇ ਦੂਸਰੇ ਦਿਨ ਵੀ ਦਾਖ਼ਰਸ ਪੀਂਦੇ ਹੋਏ ਏਸਤੇਰ ਤੋਂ ਫਿਰ ਪੁੱਛਿਆ, “ਹੇ ਰਾਣੀ ਏਸਤੇਰ, ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ। ਤੂੰ ਕੀ ਮੰਗਦੀ ਹੈ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ।”
3ਤਦ ਰਾਣੀ ਏਸਤੇਰ ਨੇ ਉੱਤਰ ਦਿੱਤਾ, “ਹੇ ਮਹਾਰਾਜ, ਜੇ ਮੇਰੇ ਉੱਤੇ ਤੁਹਾਡੀ ਕਿਰਪਾ ਹੋਈ ਹੈ ਅਤੇ ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਇਹ ਬੇਨਤੀ ਹੈ ਕਿ ਮੇਰੀ ਅਤੇ ਮੇਰੇ ਲੋਕਾਂ ਦੀ ਜਾਨ ਬਖ਼ਸ਼ੀ ਜਾਵੇ।
4ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇਕਰ ਅਸੀਂ ਸਿਰਫ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ।”
5ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਪੁੱਛਿਆ, “ਉਹ ਕੌਣ ਹੈ ਅਤੇ ਕਿੱਥੇ ਹੈ ਉਹ ਆਦਮੀ ਜਿਸ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ?”
6ਏਸਤੇਰ ਨੇ ਕਿਹਾ, “ਉਹ ਦੁਸ਼ਮਣ, ਉਹ ਵਿਰੋਧੀ, ਇਹ ਦੁਸ਼ਟ ਹਾਮਾਨ ਹੈ!” ਤਦ ਹਾਮਾਨ ਰਾਜੇ ਅਤੇ ਰਾਣੀ ਦੇ ਸਾਹਮਣੇ ਘਬਰਾ ਗਿਆ।