9ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਇੱਕ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ, ਤਾਂ ਜੋ ਲੋਕ ਮੈਨੂੰ ਤੇਰੇ ਨਾਲ ਗੱਲਾਂ ਕਰਦਿਆਂ ਸੁਣਨਗੇ ਅਤੇ ਹਮੇਸ਼ਾ ਤੇਰੇ ਉੱਤੇ ਭਰੋਸਾ ਰੱਖਣਗੇ।” ਫਿਰ ਮੋਸ਼ੇਹ ਨੇ ਯਾਹਵੇਹ ਨੂੰ ਦੱਸਿਆ ਕਿ ਲੋਕਾਂ ਨੇ ਕੀ ਕਿਹਾ ਸੀ।
10ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਲੋਕਾਂ ਕੋਲ ਜਾਹ ਅਤੇ ਉਹਨਾਂ ਨੂੰ ਅੱਜ ਅਤੇ ਕੱਲ੍ਹ ਪਵਿੱਤਰ ਕਰ, ਅਤੇ ਉਹ ਆਪਣੇ ਕੱਪੜੇ ਧੋਣ,
11ਅਤੇ ਤੀਜੇ ਦਿਨ ਲਈ ਤਿਆਰ ਹੋ ਜਾਣ, ਕਿਉਂਕਿ ਉਸ ਦਿਨ ਯਾਹਵੇਹ ਸੀਨਾਈ ਪਰਬਤ ਉੱਤੇ ਸਾਰੇ ਲੋਕਾਂ ਦੇ ਸਾਹਮਣੇ ਆਵੇਗਾ।
12ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ।
13ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।”