15ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਇਸਰਾਏਲ ਦੇ ਲੋਕਾਂ ਨੂੰ ਆਖ, ‘ਤੁਹਾਡੇ ਪਿਉ-ਦਾਦਿਆਂ ਦੇ ਪ੍ਰਭੂ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’ “ਇਹ ਮੇਰਾ ਨਾਮ ਸਦਾ ਲਈ ਹੈ, ਉਹ ਨਾਮ ਜੋ ਤੁਸੀਂ ਮੈਨੂੰ ਪੀੜ੍ਹੀ ਦਰ ਪੀੜ੍ਹੀ ਬੁਲਾਓਗੇ।
16“ਹੁਣ ਤੂੰ ਜਾ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਅਤੇ ਉਹਨਾਂ ਨੂੰ ਆਖ, ‘ਯਾਹਵੇਹ, ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ਵਰ, ਅਬਰਾਹਾਮ, ਇਸਹਾਕ ਅਤੇ ਯਾਕੋਬ ਦਾ ਪਰਮੇਸ਼ਵਰ, ਮੇਰੇ ਕੋਲ ਪ੍ਰਗਟ ਹੋਇਆ ਅਤੇ ਕਿਹਾ ਕਿ ਮੇਰੀ ਨਿਗਾਹ ਤੁਹਾਡੇ ਤੇ ਹੈ, ਮੈਂ ਤੁਹਾਨੂੰ ਦੇਖਿਆ ਹੈ ਕਿ ਮਿਸਰ ਵਿੱਚ ਤੁਹਾਡੇ ਨਾਲ ਕੀ ਕੀਤਾ ਗਿਆ ਹੈ।
17ਅਤੇ ਮੈਂ ਤੁਹਾਨੂੰ ਮਿਸਰ ਵਿੱਚ ਤੁਹਾਡੇ ਦੁੱਖਾਂ ਵਿੱਚੋਂ ਕੱਢ ਕੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਣ ਦਾ ਇਕਰਾਰ ਕੀਤਾ ਹੈ, ਇੱਕ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।’
18“ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’
19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ।