1ਹੁਣ ਅਬਰਾਮ ਦੀ ਪਤਨੀ ਸਾਰਈ ਦੇ ਕੋਈ ਔਲਾਦ ਨਹੀਂ ਸੀ, ਪਰ ਉਸ ਕੋਲ ਹਾਜਰਾ ਨਾਮ ਦੀ ਇੱਕ ਮਿਸਰੀ ਦਾਸੀ ਸੀ।
2ਤਾਂ ਸਾਰਈ ਨੇ ਅਬਰਾਮ ਨੂੰ ਕਿਹਾ, “ਯਾਹਵੇਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ ਹੁਣ ਜਾ ਅਤੇ ਮੇਰੀ ਮਿਸਰੀ ਦਾਸੀ ਨਾਲ ਸੌਂ, ਸ਼ਾਇਦ ਮੈਂ ਉਸ ਰਾਹੀਂ ਸੰਤਾਨ ਪੈਦਾ ਕਰ ਸਕਾ।” ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ।
3ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ ਤਾਂ ਉਸ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਨੂੰ ਉਸ ਦੀ ਪਤਨੀ ਹੋਣ ਲਈ ਦੇ ਦਿੱਤਾ।
4ਉਹ ਹਾਜਰਾ ਨਾਲ ਸੌਂ ਗਿਆ ਅਤੇ ਉਹ ਗਰਭਵਤੀ ਹੋਈ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਹ ਆਪਣੀ ਮਾਲਕਣ ਨੂੰ ਤੁੱਛ ਸਮਝਣ ਲੱਗ ਪਈ।
5ਤਦ ਸਾਰਈ ਨੇ ਅਬਰਾਮ ਨੂੰ ਕਿਹਾ, “ਮੈਂ ਜੋ ਦੁੱਖ ਭੋਗ ਰਹੀ ਹਾਂ ਉਸ ਲਈ ਤੂੰ ਜ਼ਿੰਮੇਵਾਰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਹੁਣ ਜਦੋਂ ਉਹ ਜਾਣਦੀ ਹੈ ਕਿ ਉਹ ਗਰਭਵਤੀ ਹੈ, ਉਹ ਮੈਨੂੰ ਤੁੱਛ ਜਾਣਦੀ ਹੈ। ਯਾਹਵੇਹ ਤੇਰਾ ਅਤੇ ਮੇਰਾ ਨਿਆਂ ਕਰੇ।”