1ਯਾਹਵੇਹ ਨੇ ਅਬਰਾਹਾਮ ਨੂੰ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਦਰਸ਼ਣ ਦਿੱਤਾ ਜਦੋਂ ਉਹ ਦਿਨ ਦੀ ਗਰਮੀ ਵਿੱਚ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਬੈਠਾ ਸੀ।
2ਅਬਰਾਹਾਮ ਨੇ ਉੱਪਰ ਤੱਕ ਕੇ ਤਿੰਨ ਮਨੁੱਖਾਂ ਨੂੰ ਨੇੜੇ ਖੜ੍ਹੇ ਵੇਖਿਆ। ਜਦੋਂ ਉਸਨੇ ਉਹਨਾਂ ਨੂੰ ਦੇਖਿਆ, ਤਾਂ ਉਹ ਉਹਨਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਪ੍ਰਵੇਸ਼ ਦੁਆਰ ਤੋਂ ਜਲਦੀ ਆਇਆ ਅਤੇ ਜ਼ਮੀਨ ਤੱਕ ਝੁੱਕ ਕੇ ਮੱਥਾ ਟੇਕਿਆ।
3ਉਸ ਨੇ ਆਖਿਆ, “ਹੇ ਯਾਹਵੇਹ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ।
4ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ ਅਤੇ ਤੁਸੀਂ ਸਾਰੇ ਆਪਣੇ ਪੈਰ ਧੋਵੋ ਅਤੇ ਇਸ ਰੁੱਖ ਦੇ ਹੇਠਾਂ ਆਰਾਮ ਕਰੋ।
5ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਵਾਂ ਤਾਂ ਜੋ ਤੁਸੀਂ ਤਰੋ-ਤਾਜ਼ਾ ਹੋ ਸਕੋ ਅਤੇ ਫਿਰ ਆਪਣੇ ਰਾਹ ਚੱਲ ਸਕੋ, ਹੁਣ ਜਦੋਂ ਤੁਸੀਂ ਆਪਣੇ ਸੇਵਕ ਕੋਲ ਆਏ ਹੋ।” ਉਹਨਾਂ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ ਉਸੇ ਤਰ੍ਹਾਂ ਕਰ।”