12ਤਦ ਉਸ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ਵਰ, ਅੱਜ ਮੈਨੂੰ ਸਫ਼ਲ ਕਰ ਅਤੇ ਮੇਰੇ ਮਾਲਕ ਅਬਰਾਹਾਮ ਉੱਤੇ ਕਿਰਪਾ ਕਰ।
13ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ ਅਤੇ ਨਗਰ ਵਾਸੀਆਂ ਦੀਆਂ ਧੀਆਂ ਪਾਣੀ ਭਰਨ ਲਈ ਬਾਹਰ ਆ ਰਹੀਆਂ ਹਨ।
14ਅਜਿਹਾ ਹੋਵੇ ਕਿ ਜਦੋਂ ਮੈਂ ਕਿਸੇ ਮੁਟਿਆਰ ਨੂੰ ਕਹਾਂ, ‘ਮਿਹਰਬਾਨੀ ਕਰਕੇ ਆਪਣਾ ਘੜਾ ਹੇਠਾਂ ਕਰ ਦੇ ਤਾਂ ਜੋ ਮੈਂ ਪੀ ਲਵਾਂ,’ ਅਤੇ ਉਹ ਆਖੇ, ‘ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ’ ਸੋ ਉਹੀ ਹੋਵੋ। ਜਿਸ ਨੂੰ ਤੂੰ ਆਪਣੇ ਸੇਵਕ ਇਸਹਾਕ ਲਈ ਚੁਣਿਆ ਹੈ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਤੁਸੀਂ ਮੇਰੇ ਮਾਲਕ ਉੱਤੇ ਕਿਰਪਾ ਕੀਤੀ ਹੈ।”
15ਇਸ ਤੋਂ ਪਹਿਲਾਂ ਕਿ ਉਹ ਪ੍ਰਾਰਥਨਾ ਕਰ ਲੈਂਦਾ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਸੀ।
16ਉਹ ਕੁੜੀ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਉਸ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਖੂਹ ਵਿੱਚ ਗਈ, ਆਪਣਾ ਘੜਾ ਭਰਿਆ ਅਤੇ ਦੁਬਾਰਾ ਉੱਪਰ ਆ ਗਈ।