34ਹੁਣ ਰਾਖ਼ੇਲ ਨੇ ਘਰੇਲੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਲੈ ਕੇ ਆਪਣੇ ਊਠ ਦੀ ਕਾਠੀ ਵਿੱਚ ਪਾ ਲਿਆ ਅਤੇ ਉਹਨਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਤੰਬੂ ਵਿੱਚ ਸਭ ਕੁਝ ਲੱਭਿਆ ਪਰ ਕੁਝ ਨਹੀਂ ਮਿਲਿਆ।
35ਰਾਖ਼ੇਲ ਨੇ ਆਪਣੇ ਪਿਤਾ ਨੂੰ ਆਖਿਆ, “ਮੇਰੇ ਮਾਲਕ, ਨਾਰਾਜ਼ ਨਾ ਹੋ ਕਿ ਮੈਂ ਤੁਹਾਡੇ ਸਾਹਮਣੇ ਖੜ੍ਹੀ ਨਹੀਂ ਹੋ ਸਕਦੀ। ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ।” ਇਸ ਲਈ ਉਸਨੇ ਖੋਜ ਕੀਤੀ ਪਰ ਘਰ ਦੇ ਦੇਵਤੇ ਦੀਆਂ ਮੂਰਤੀਆਂ ਨਾ ਲੱਭੀਆ।
36ਯਾਕੋਬ ਗੁੱਸੇ ਵਿੱਚ ਆ ਗਿਆ। “ਮੇਰਾ ਗੁਨਾਹ ਕੀ ਹੈ?” ਉਸਨੇ ਲਾਬਾਨ ਨੂੰ ਪੁੱਛਿਆ। “ਮੈਂ ਤੇਰੇ ਨਾਲ ਕਿਵੇਂ ਬੇਇਨਸਾਫ਼ੀ ਕੀਤੀ ਹੈ ਜੋ ਤੂੰ ਇੰਨੇ ਗੁੱਸੇ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ ਹੈ?
37ਹੁਣ ਜਦੋਂ ਤੁਸੀਂ ਮੇਰੇ ਸਾਰੇ ਮਾਲ ਦੀ ਤਲਾਸ਼ੀ ਲਈ ਹੈ, ਤਾਂ ਤੈਨੂੰ ਕੀ ਮਿਲਿਆ ਜੋ ਤੇਰੇ ਘਰ ਦਾ ਹੈ? ਇਸ ਨੂੰ ਇੱਥੇ ਆਪਣੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਰੱਖ, ਤਾਂ ਜੋ ਉਹ ਸਾਡੇ ਦੋਹਾ ਦਾ ਨਿਆਂ ਕਰਨ।
38“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ।