21ਉਹਨਾਂ ਨੇ ਕਿਹਾ, “ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਉਹਨਾਂ ਨੂੰ ਸਾਡੀ ਧਰਤੀ ਉੱਤੇ ਰਹਿਣ ਅਤੇ ਇਸ ਵਿੱਚ ਵਪਾਰ ਕਰਨ ਦਿਓ ਕਿਉ ਜੋ ਜ਼ਮੀਨ ਵਿੱਚ ਉਹਨਾਂ ਲਈ ਕਾਫ਼ੀ ਥਾਂ ਹੈ। ਅਸੀਂ ਉਹਨਾਂ ਦੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਾਂ ਅਤੇ ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਨ।
22ਪਰ ਆਦਮੀ ਸਾਡੇ ਨਾਲ ਸਿਰਫ ਇਸ ਸ਼ਰਤ ਉੱਤੇ ਹੀ ਰਹਿਣ ਲਈ ਸਹਿਮਤ ਹੋਣਗੇ ਕਿ ਸਾਡੇ ਮਰਦਾਂ ਦੀ ਸੁੰਨਤ ਕੀਤੀ ਜਾਵੇ, ਜਿਵੇਂ ਉਹ ਖੁਦ ਹਨ।
23ਕੀ ਉਹਨਾਂ ਦੇ ਪਸ਼ੂ, ਉਹਨਾਂ ਦੀ ਜਾਇਦਾਦ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰ ਸਾਡੇ ਨਹੀਂ ਹੋ ਜਾਣਗੇ? ਇਸ ਲਈ ਆਓ ਅਸੀਂ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਲਈਏ, ਅਤੇ ਉਹ ਸਾਡੇ ਵਿਚਕਾਰ ਵੱਸ ਜਾਣ।”
24ਸਾਰੇ ਮਨੁੱਖ ਜਿਹੜੇ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਗਏ ਸਨ, ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨਾਲ ਸਹਿਮਤ ਹੋਏ ਅਤੇ ਸ਼ਹਿਰ ਦੇ ਹਰੇਕ ਮਰਦ ਦੀ ਸੁੰਨਤ ਕੀਤੀ ਗਈ।
25ਤਿੰਨਾਂ ਦਿਨਾਂ ਬਾਅਦ, ਜਦੋਂ ਉਹ ਸਾਰੇ ਅਜੇ ਵੀ ਦੁਖੀ ਸਨ ਤਾਂ ਯਾਕੋਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ, ਉਹਨਾਂ ਨੇ ਆਪਣੇ ਨਾਲ ਆਪਣੀਆਂ ਤਲਵਾਰਾਂ ਲੈ ਲਈਆਂ ਅਤੇ ਉਸ ਸ਼ਹਿਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।