12ਦੁੱਗਣੀ ਚਾਂਦੀ ਆਪਣੇ ਨਾਲ ਲੈ ਜਾਉ, ਕਿਉਂਕਿ ਜਿਹੜੀ ਚਾਂਦੀ ਤੁਹਾਡੀਆਂ ਬੋਰੀਆਂ ਦੇ ਮੂੰਹ ਵਿੱਚ ਪਾਈ ਗਈ ਸੀ, ਉਹ ਤੁਹਾਨੂੰ ਵਾਪਸ ਕਰਨੀ ਚਾਹੀਦੀ ਹੈ। ਸ਼ਾਇਦ ਇਹ ਇੱਕ ਗਲਤੀ ਸੀ।
13ਆਪਣੇ ਭਰਾ ਨੂੰ ਵੀ ਲੈ ਜਾ ਅਤੇ ਉਸੇ ਵੇਲੇ ਉਸ ਆਦਮੀ ਕੋਲ ਵਾਪਸ ਚਲਾ ਜਾ।
14ਅਤੇ ਸਰਵਸ਼ਕਤੀਮਾਨ ਪਰਮੇਸ਼ਵਰ ਉਸ ਮਨੁੱਖ ਦੇ ਅੱਗੇ ਤੁਹਾਡੇ ਉੱਤੇ ਦਯਾ ਕਰੇ ਤਾਂ ਜੋ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਵਾਪਸ ਆਉਣ ਦੇਵੇ। ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਤਾਂ ਹੁਣ ਇਸ ਤਰਾਂ ਹੋਣ ਦਿਉ।”
15ਸੋ ਮਨੁੱਖਾਂ ਨੇ ਤੋਹਫ਼ੇ ਅਤੇ ਚਾਂਦੀ ਦਾ ਦੁੱਗਣਾ ਮੁੱਲ ਅਤੇ ਬਿਨਯਾਮੀਨ ਨੂੰ ਵੀ ਲੈ ਲਏ। ਉਹ ਜਲਦੀ ਮਿਸਰ ਨੂੰ ਗਏ ਅਤੇ ਆਪਣੇ ਆਪ ਨੂੰ ਯੋਸੇਫ਼ ਦੇ ਸਾਹਮਣੇ ਪੇਸ਼ ਕੀਤਾ।
16ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”