8ਇਫ਼ਰਾਈਮ ਸ਼ੇਖ਼ੀ ਮਾਰਦਾ ਹੈ, “ਮੈਂ ਬਹੁਤ ਅਮੀਰ ਹਾਂ; ਮੈਂ ਧਨਵਾਨ ਹੋ ਗਿਆ ਹਾਂ। ਮੇਰੀ ਸਾਰੀ ਦੌਲਤ ਨਾਲ ਉਹ ਮੇਰੇ ਵਿੱਚ ਕੋਈ ਬਦੀ ਜਾਂ ਪਾਪ ਨਹੀਂ ਲੱਭਣਗੇ।”
9“ਜਦੋਂ ਤੋਂ ਤੁਸੀਂ ਮਿਸਰ ਤੋਂ ਬਾਹਰ ਆਏ ਹੋ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ ਮੈਂ ਤੁਹਾਨੂੰ ਫੇਰ ਤੰਬੂਆਂ ਵਿੱਚ ਵਸਾਵਾਂਗਾ, ਜਿਵੇਂ ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨਾਂ ਵਿੱਚ ਹੁੰਦਾ ਹੈ।
10ਮੈਂ ਨਬੀਆਂ ਨਾਲ ਗੱਲ ਕੀਤੀ, ਉਨ੍ਹਾਂ ਨੂੰ ਬਹੁਤ ਦਰਸ਼ਣ ਦਿੱਤੇ ਅਤੇ ਉਨ੍ਹਾਂ ਰਾਹੀਂ ਦ੍ਰਿਸ਼ਟਾਂਤ ਸੁਣਾਏ।”
11ਕੀ ਗਿਲਅਦ ਦੁਸ਼ਟ ਹੈ? ਇਸ ਦੇ ਲੋਕ ਨਿਕੰਮੇ ਹਨ! ਕੀ ਉਹ ਗਿਲਗਾਲ ਵਿੱਚ ਬਲਦਾਂ ਦੀ ਬਲੀ ਦਿੰਦੇ ਹਨ? ਉਨ੍ਹਾਂ ਦੀਆਂ ਜਗਵੇਦੀਆਂ ਇੱਕ ਹਲ ਵਾਲੇ ਖੇਤ ਵਿੱਚ ਪੱਥਰਾਂ ਦੇ ਢੇਰ ਵਾਂਗੂੰ ਹੋਣਗੀਆਂ।
12ਯਾਕੋਬ ਅਰਾਮਕ ਦੇਸ਼ ਨੂੰ ਭੱਜ ਗਿਆ; ਇਸਰਾਏਲ ਨੇ ਇੱਕ ਪਤਨੀ ਨੂੰ ਪ੍ਰਾਪਤ ਕਰਨ ਲਈ ਸੇਵਾ ਕੀਤੀ, ਅਤੇ ਉਸ ਦੀ ਕੀਮਤ ਅਦਾ ਕਰਨ ਲਈ ਉਸਨੇ ਭੇਡਾਂ ਚਰਾਈਆਂ।