1ਜਦੋਂ ਇਫ਼ਰਾਈਮ ਬੋਲਿਆ, ਲੋਕ ਕੰਬ ਗਏ। ਉਹ ਇਸਰਾਏਲ ਵਿੱਚ ਉੱਚਾ ਹੋਇਆ। ਪਰ ਉਹ ਬਆਲ ਦੀ ਉਪਾਸਨਾ ਦਾ ਦੋਸ਼ੀ ਹੋ ਗਿਆ ਅਤੇ ਮਰ ਗਿਆ।
2ਹੁਣ ਉਹ ਵੱਧ ਤੋਂ ਵੱਧ ਪਾਪ ਕਰਦੇ ਹਨ। ਉਹ ਆਪਣੀ ਚਾਂਦੀ ਤੋਂ ਆਪਣੇ ਲਈ ਮੂਰਤੀਆਂ ਬਣਾਉਂਦੇ ਹਨ, ਚਤੁਰਾਈ ਨਾਲ ਬਣਾਈਆਂ ਗਈਆਂ ਮੂਰਤੀਆਂ, ਇਹ ਸਭ ਕਾਰੀਗਰਾਂ ਦਾ ਕੰਮ ਹਨ। ਇਨ੍ਹਾਂ ਲੋਕਾਂ ਬਾਰੇ ਕਿਹਾ ਗਿਆ ਹੈ, “ਇਹ ਮਨੁੱਖਾਂ ਦੀਆਂ ਬਲੀਆਂ ਚੜ੍ਹਾਉਂਦੇ ਹਨ! ਉਹ ਵੱਛੇ ਦੀਆਂ ਮੂਰਤੀਆਂ ਨੂੰ ਚੁੰਮਦੇ ਹਨ!”
3ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ, ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ, ਪਿੜ ਵਿੱਚੋਂ ਤੂੜੀ ਵਾਂਗ, ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।