9ਜਦ ਤੱਕ ਸਰਬਸ਼ਕਤੀਮਾਨ ਯਾਹਵੇਹ ਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਅਸੀਂ ਸੋਦੋਮ ਵਰਗੇ ਹੋ ਜਾਂਦੇ, ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।
10ਹੇ ਸੋਦੋਮ ਦੇ ਹਾਕਮੋ, ਯਾਹਵੇਹ ਦਾ ਬਚਨ ਸੁਣੋ, ਹੇ ਗਾਮੂਰਾਹ ਦੇ ਲੋਕੋ, ਸਾਡੇ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣੋ!
11“ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ, ਉਹ ਮੇਰੇ ਲਈ ਕੀ ਹਨ?” ਯਾਹਵੇਹ ਆਖਦਾ ਹੈ। “ਮੇਰੇ ਕੋਲ ਹੋਮ ਦੀਆਂ ਭੇਟਾਂ, ਭੇਡੂਆਂ ਅਤੇ ਮੋਟੇ ਜਾਨਵਰਾਂ ਦੀ ਚਰਬੀ ਤੋਂ ਵੱਧ ਹੈ, ਮੈਨੂੰ ਬਲਦਾਂ, ਲੇਲਿਆਂ ਅਤੇ ਬੱਕਰੀਆਂ ਦੇ ਲਹੂ ਵਿੱਚ ਕੋਈ ਆਨੰਦ ਨਹੀਂ ਹੈ।
12ਜਦ ਤੁਸੀਂ ਮੇਰੇ ਸਾਹਮਣੇ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ, ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?
13ਅਰਥਹੀਣ ਭੇਟਾਂ ਲਿਆਉਣਾ ਬੰਦ ਕਰੋ! ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ। ਨਵੇਂ ਚੰਦ ਅਤੇ ਸਬਤ, ਸਭਾ ਦਾ ਦਿਨ ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।