7ਤੁਹਾਡਾ ਦੇਸ਼ ਉਜਾੜ ਹੈ, ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ; ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।
8ਸੀਯੋਨ ਦੀ ਧੀ ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ, ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ, ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।
9ਜਦ ਤੱਕ ਸਰਬਸ਼ਕਤੀਮਾਨ ਯਾਹਵੇਹ ਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਅਸੀਂ ਸੋਦੋਮ ਵਰਗੇ ਹੋ ਜਾਂਦੇ, ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।
10ਹੇ ਸੋਦੋਮ ਦੇ ਹਾਕਮੋ, ਯਾਹਵੇਹ ਦਾ ਬਚਨ ਸੁਣੋ, ਹੇ ਗਾਮੂਰਾਹ ਦੇ ਲੋਕੋ, ਸਾਡੇ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣੋ!
11“ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ, ਉਹ ਮੇਰੇ ਲਈ ਕੀ ਹਨ?” ਯਾਹਵੇਹ ਆਖਦਾ ਹੈ। “ਮੇਰੇ ਕੋਲ ਹੋਮ ਦੀਆਂ ਭੇਟਾਂ, ਭੇਡੂਆਂ ਅਤੇ ਮੋਟੇ ਜਾਨਵਰਾਂ ਦੀ ਚਰਬੀ ਤੋਂ ਵੱਧ ਹੈ, ਮੈਨੂੰ ਬਲਦਾਂ, ਲੇਲਿਆਂ ਅਤੇ ਬੱਕਰੀਆਂ ਦੇ ਲਹੂ ਵਿੱਚ ਕੋਈ ਆਨੰਦ ਨਹੀਂ ਹੈ।