17ਹੇ ਯਾਹਵੇਹ, ਆਪਣਾ ਕੰਨ ਲਾ ਅਤੇ ਸੁਣ; ਹੇ ਯਾਹਵੇਹ, ਆਪਣੀਆਂ ਅੱਖਾਂ ਖੋਲ੍ਹ, ਅਤੇ ਵੇਖ; ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ਵਰ ਨੂੰ ਬੋਲੀਆਂ ਮਾਰਨ ਲਈ ਆਖ ਕੇ ਘੱਲੀਆਂ ਹਨ।
18“ਹੇ ਯਾਹਵੇਹ, ਇਹ ਸੱਚ ਹੈ, ਅੱਸ਼ੂਰ ਦੇ ਰਾਜਿਆਂ ਨੇ ਇਨ੍ਹਾਂ ਸਾਰੇ ਲੋਕਾਂ ਅਤੇ ਉਨ੍ਹਾਂ ਦੀਆਂ ਧਰਤੀਆਂ ਨੂੰ ਬਰਬਾਦ ਕਰ ਦਿੱਤਾ ਹੈ।
19ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ ਹੈ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ, ਕਿਉਂਕਿ ਉਹ ਦੇਵਤੇ ਨਹੀਂ ਸਨ, ਸਿਰਫ ਲੱਕੜ ਅਤੇ ਪੱਥਰ ਸਨ, ਜੋ ਮਨੁੱਖਾਂ ਦੇ ਹੱਥਾਂ ਦੁਆਰਾ ਬਣਾਏ ਗਏ ਸਨ।
20ਹੁਣ, ਹੇ ਯਾਹਵੇਹ, ਸਾਡੇ ਪਰਮੇਸ਼ਵਰ, ਸਾਨੂੰ ਉਸ ਦੇ ਹੱਥੋਂ ਛੁਡਾ, ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਕੇਵਲ ਯਾਹਵੇਹ ਹੀ ਪਰਮੇਸ਼ਵਰ ਹੈ।”
21ਤਦ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਸੁਨੇਹਾ ਭੇਜਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ, ਕਿਉਂ ਜੋ ਤੁਸੀਂ ਅੱਸ਼ੂਰ ਦੇ ਰਾਜੇ ਸਨਹੇਰੀਬ ਲਈ ਮੇਰੇ ਅੱਗੇ ਪ੍ਰਾਰਥਨਾ ਕੀਤੀ ਹੈ।