12ਤਾਂ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ, ਜਿੱਥੇ ਯਿਸ਼ੂ ਦਾ ਸਰੀਰ ਰੱਖਿਆ ਹੋਇਆ ਸੀ, ਇੱਕ ਦੂਤ ਉਸ ਦੇ ਸਿਰ ਵਾਲੇ ਪਾਸੇ ਸੀ, ਅਤੇ ਦੂਸਰਾ ਉਸ ਦੇ ਪੈਰਾਂ ਵਾਲੇ ਪਾਸੇ ਸੀ।
13ਉਹਨਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ ਤੂੰ ਕਿਉਂ ਰੋ ਰਹੀ ਹੈ?” ਉਸ ਨੇ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਹਨਾਂ ਨੇ ਯਿਸ਼ੂ ਕਿੱਥੇ ਰੱਖਿਆ ਹੈ।”
14ਇਹ ਆਖ ਕੇ ਉਹ ਵਾਪਸ ਮੁੜੀ, ਤਾਂ ਉੱਥੇ ਉਸ ਨੇ ਯਿਸ਼ੂ ਨੂੰ ਖੜ੍ਹਿਆ ਵੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸ਼ੂ ਹੀ ਹਨ।
15ਪ੍ਰਭੂ ਯਿਸ਼ੂ ਨੇ ਉਸ ਨੂੰ ਪੁੱਛਿਆ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸਨੂੰ ਲੱਭਦੀ ਹੈ?” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ਼ ਦਾ ਮਾਲੀ ਹੈ, ਅਤੇ ਉਸ ਨੂੰ ਕਿਹਾ, “ਜੇ ਤੁਸੀਂ ਯਿਸ਼ੂ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਉਸ ਨੂੰ ਕਿੱਥੇ ਰੱਖਿਆ ਹੈ, ਤਾਂ ਕਿ ਮੈਂ ਉਸ ਨੂੰ ਲੈ ਜਾਵਾਂ।”
16ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਰਿਯਮ।” ਤਾਂ ਉਸ ਨੇ ਮੁੜ ਕੇ ਯਿਸ਼ੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਆਖਿਆ, “ਰਬੂਨੀ” ਜਿਸ ਦਾ ਅਰਥ ਹੈ ਗੁਰੂ।