12ਯਿਸ਼ੂ ਨੇ ਉਹਨਾਂ ਨੂੰ ਬੁਲਾਇਆ, “ਆਓ, ਖਾਣਾ ਖਾ ਲਓ।” ਇਸ ਗੱਲ ਦਾ ਅਹਿਸਾਸ ਹੋਣ ਦੇ ਬਾਅਦ ਵੀ ਕਿ ਉਹ ਪ੍ਰਭੂ ਹੈ, ਕਿਸੇ ਵੀ ਚੇਲੇ ਨੇ ਉਹਨਾਂ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਕੌਣ ਹੋ।
13ਯਿਸ਼ੂ ਨੇ ਅੱਗੇ ਜਾ ਕੇ ਰੋਟੀ ਚੁੱਕੀ ਅਤੇ ਉਹਨਾਂ ਨੂੰ ਦਿੱਤੀ ਅਤੇ ਫਿਰ ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਹਨਾਂ ਨੂੰ ਦਿੱਤੀ।
14ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਸਰੀ ਵਾਰ ਸੀ ਜਦੋਂ ਯਿਸ਼ੂ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਸੀ।
15ਖਾਣੇ ਤੋਂ ਬਾਅਦ, ਯਿਸ਼ੂ ਨੇ ਸ਼ਿਮਓਨ ਪਤਰਸ ਨੂੰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ ਪਤਰਸ, ਕੀ ਤੂੰ ਮੈਨੂੰ ਇਨ੍ਹਾਂ ਸਾਰਿਆਂ ਤੋਂ ਵੱਧ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮੇਮਣਿਆਂ ਨੂੰ ਚਰਾ।”
16ਯਿਸ਼ੂ ਨੇ ਦੂਸਰੀ ਵਾਰ ਉਸ ਨੂੰ ਪੁੱਛਿਆ, “ਸ਼ਿਮਓਨ ਪਤਰਸ, ਯੋਹਨ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਦੇਖਭਾਲ ਕਰ।”