3ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, “ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ।
4ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕਿ ਤੂੰ ਕੋਈ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਹੋਰ ਚੀਜ਼ ਨਾ ਪੀਵੀ ਅਤੇ ਤੂੰ ਕੋਈ ਅਸ਼ੁੱਧ ਚੀਜ਼ ਨਾ ਖਾਵੀਂ।
5ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਸ ਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲੱਗੇ ਕਿਉਂਕਿ ਲੜਕਾ ਇੱਕ ਨਜ਼ੀਰ ਹੋਵੇਗਾ, ਗਰਭ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਹੋਵੇਗਾ। ਉਹ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਉਣ ਲਈ ਅਗਵਾਈ ਕਰੇਗਾ।”
6ਤਦ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਉਸਨੂੰ ਕਿਹਾ, “ਪਰਮੇਸ਼ਵਰ ਦਾ ਇੱਕ ਆਦਮੀ ਮੇਰੇ ਕੋਲ ਆਇਆ। ਉਹ ਪਰਮੇਸ਼ਵਰ ਦੇ ਦੂਤ ਵਾਂਗ ਦਿਖਾਈ ਦਿੰਦਾ ਸੀ, ਉਹ ਬਹੁਤ ਹੀ ਸ਼ਾਨਦਾਰ ਸੀ। ਮੈਂ ਉਸਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ, ਅਤੇ ਉਸਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ।
7ਪਰ ਉਸਨੇ ਮੈਨੂੰ ਕਿਹਾ, ਤੂੰ ਗਰਭਵਤੀ ਹੋਵੇਗੀ ਅਤੇ ਤੇਰੇ ਇੱਕ ਪੁੱਤਰ ਹੋਵੇਗਾ। ਇਸ ਲਈ ਹੁਣ ਤੂੰ ਕੋਈ ਦਾਖ਼ਰਸ ਜਾਂ ਕੋਈ ਨਸ਼ੇ ਵਾਲੀ ਚੀਜ਼ ਨਾ ਪੀਵੀ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੀਂ, ਕਿਉਂਕਿ ਉਹ ਮੁੰਡਾ ਗਰਭ ਤੋਂ ਆਪਣੀ ਮੌਤ ਦੇ ਦਿਨ ਤੱਕ ਪਰਮੇਸ਼ਵਰ ਦਾ ਨਜ਼ੀਰ ਰਹੇਗਾ।”