5ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਸ ਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲੱਗੇ ਕਿਉਂਕਿ ਲੜਕਾ ਇੱਕ ਨਜ਼ੀਰ ਹੋਵੇਗਾ, ਗਰਭ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਹੋਵੇਗਾ। ਉਹ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਉਣ ਲਈ ਅਗਵਾਈ ਕਰੇਗਾ।”
6ਤਦ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਉਸਨੂੰ ਕਿਹਾ, “ਪਰਮੇਸ਼ਵਰ ਦਾ ਇੱਕ ਆਦਮੀ ਮੇਰੇ ਕੋਲ ਆਇਆ। ਉਹ ਪਰਮੇਸ਼ਵਰ ਦੇ ਦੂਤ ਵਾਂਗ ਦਿਖਾਈ ਦਿੰਦਾ ਸੀ, ਉਹ ਬਹੁਤ ਹੀ ਸ਼ਾਨਦਾਰ ਸੀ। ਮੈਂ ਉਸਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ, ਅਤੇ ਉਸਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ।
7ਪਰ ਉਸਨੇ ਮੈਨੂੰ ਕਿਹਾ, ਤੂੰ ਗਰਭਵਤੀ ਹੋਵੇਗੀ ਅਤੇ ਤੇਰੇ ਇੱਕ ਪੁੱਤਰ ਹੋਵੇਗਾ। ਇਸ ਲਈ ਹੁਣ ਤੂੰ ਕੋਈ ਦਾਖ਼ਰਸ ਜਾਂ ਕੋਈ ਨਸ਼ੇ ਵਾਲੀ ਚੀਜ਼ ਨਾ ਪੀਵੀ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੀਂ, ਕਿਉਂਕਿ ਉਹ ਮੁੰਡਾ ਗਰਭ ਤੋਂ ਆਪਣੀ ਮੌਤ ਦੇ ਦਿਨ ਤੱਕ ਪਰਮੇਸ਼ਵਰ ਦਾ ਨਜ਼ੀਰ ਰਹੇਗਾ।”
8ਫਿਰ ਮਾਨੋਆਹ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਯਾਹਵੇਹ, ਮੇਰੀ ਬੇਨਤੀ ਨੂੰ ਸੁਣ ਅਤੇ ਆਪਣੇ ਸੇਵਕ ਨੂੰ ਮਾਫ਼ ਕਰ ਅਤੇ ਪਰਮੇਸ਼ਵਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫਿਰ ਸਾਡੇ ਕੋਲ ਭੇਜ ਤਾਂ ਉਹ ਸਾਨੂੰ ਇਹ ਸਿਖਾਵੇ ਕਿ ਉਸ ਲੜਕੇ ਦਾ ਪਾਲਣ-ਪੋਸ਼ਣ ਕਿਵੇਂ ਕਰਨਾ ਹੈ ਜੋ ਪੈਦਾ ਹੋਣ ਵਾਲਾ ਹੈ।”
9ਪਰਮੇਸ਼ਵਰ ਨੇ ਮਾਨੋਆਹ ਨੂੰ ਸੁਣਿਆ, ਅਤੇ ਪਰਮੇਸ਼ਵਰ ਦਾ ਦੂਤ ਉਸ ਔਰਤ ਕੋਲ ਦੁਬਾਰਾ ਆਇਆ ਜਦੋਂ ਉਹ ਖੇਤ ਵਿੱਚ ਸੀ, ਪਰ ਉਸਦਾ ਪਤੀ ਮਾਨੋਆਹ ਉਸਦੇ ਨਾਲ ਨਹੀਂ ਸੀ।