11ਤਦ ਯਹੂਦਾਹ ਦੇ ਤਿੰਨ ਹਜ਼ਾਰ ਮਨੁੱਖ ਏਤਾਮ ਦੀ ਚੱਟਾਨ ਦੀ ਗੁਫ਼ਾ ਵਿੱਚ ਗਏ ਅਤੇ ਸਮਸੂਨ ਨੂੰ ਆਖਿਆ, “ਕੀ ਤੈਨੂੰ ਪਤਾ ਨਹੀਂ ਕਿ ਫ਼ਲਿਸਤੀ ਸਾਡੇ ਉੱਤੇ ਹਾਕਮ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸਨੇ ਜਵਾਬ ਦਿੱਤਾ, “ਮੈਂ ਉਹਨਾਂ ਨਾਲ ਉਹੀ ਕੀਤਾ ਜੋ ਉਹਨਾਂ ਨੇ ਮੇਰੇ ਨਾਲ ਕੀਤਾ।”
12ਯਹੂਦਾਹ ਦੇ ਮਨੁੱਖਾਂ ਨੇ ਸਮਸੂਨ ਨੂੰ ਕਿਹਾ, “ਅਸੀਂ ਤੈਨੂੰ ਬੰਨ੍ਹਣ ਅਤੇ ਫ਼ਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।” ਸਮਸੂਨ ਨੇ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”
13ਉਨ੍ਹਾਂ ਨੇ ਕਿਹਾ, “ਅਸੀਂ ਨਹੀਂ ਕਰਾਂਗੇ, ਅਸੀਂ ਸਿਰਫ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਉਨ੍ਹਾਂ ਦੇ ਹਵਾਲੇ ਕਰਾਂਗੇ। ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਉਸਨੂੰ ਦੋ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਅਤੇ ਉਸਨੂੰ ਚੱਟਾਨ ਤੋਂ ਉੱਪਰ ਲੈ ਗਏ।
14ਜਦੋਂ ਉਹ ਲੇਹੀ ਦੇ ਨੇੜੇ ਪਹੁੰਚਿਆ ਤਾਂ ਫ਼ਲਿਸਤੀ ਚੀਕਦੇ ਹੋਏ ਉਸਦੇ ਵੱਲ ਆਏ। ਤਦ ਯਾਹਵੇਹ ਦਾ ਆਤਮਾ ਉਸ ਉੱਤੇ ਵੱਡੇ ਜੋਰ ਨਾਲ ਆਇਆ। ਉਸ ਦੀਆਂ ਬਾਹਾਂ ਦੀਆਂ ਰੱਸੀਆਂ ਅੱਗ ਨਾਲ ਸੜੇ ਹੋਏ ਸਣ ਵਾਂਗ ਬਣ ਗਈਆਂ ਅਤੇ ਉਸ ਦੇ ਹੱਥਾਂ ਤੋਂ ਬੰਧਨ ਖੁੱਲ੍ਹ ਗਏ।
15ਉਸ ਵੇਲੇ ਉਸਨੂੰ ਖੋਤੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਲੱਭੀ ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਬੰਦੇ ਨੂੰ ਮਾਰ ਦਿੱਤਾ।