6ਹੁਣ ਇਸਰਾਏਲੀ ਬਿਨਯਾਮੀਨ ਦੇ ਗੋਤ ਲਈ ਸੋਗ ਕਰਦੇ ਸਨ, “ਕਿ ਅੱਜ ਇੱਕ ਗੋਤ ਇਸਰਾਏਲ ਵਿੱਚੋਂ ਨਸ਼ਟ ਹੋ ਗਈ ਹੈ।”
7“ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?”
8ਤਦ ਉਨ੍ਹਾਂ ਨੇ ਪੁੱਛਿਆ, “ਇਸਰਾਏਲ ਦੇ ਗੋਤ ਵਿੱਚੋਂ ਕਿਹੜਾ ਇੱਕ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਤੋਂ ਕੋਈ ਵੀ ਡੇਰੇ ਵਿੱਚ ਸਭਾ ਲਈ ਨਹੀਂ ਆਇਆ ਸੀ।
9ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।
10ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ।