9ਪਰ ਜਦੋਂ ਇਸਰਾਏਲੀਆਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, ਤਾਂ ਉਸ ਨੇ ਉਹਨਾਂ ਲਈ ਇੱਕ ਛੁਟਕਾਰਾ ਦੇਣ ਲਈ ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੂੰ ਖੜ੍ਹਾ ਕੀਤਾ, ਜਿਸ ਨੇ ਉਹਨਾਂ ਨੂੰ ਬਚਾਇਆ।
10ਯਾਹਵੇਹ ਦਾ ਆਤਮਾ ਉਸ ਉੱਤੇ ਆਇਆ, ਇਸ ਲਈ ਉਹ ਇਸਰਾਏਲ ਦਾ ਨਿਆਈਂ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਾਹਵੇਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਆਥਨੀਏਲ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ।
11ਇਸ ਲਈ ਦੇਸ਼ ਵਿੱਚ ਚਾਲੀ ਸਾਲਾਂ ਤੱਕ ਸ਼ਾਂਤੀ ਰਹੀ, ਜਦੋਂ ਤੱਕ ਕੇਨਜ਼ ਦੇ ਪੁੱਤਰ ਆਥਨੀਏਲ ਦੀ ਮੌਤ ਨਾ ਹੋ ਗਈ।
12ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਇਸ ਲਈ ਯਾਹਵੇਹ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਇਸਰਾਏਲ ਉੱਤੇ ਪਰਬਲ ਕੀਤਾ।
13ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਉਣ ਲਈ, ਏਗਲੋਨ ਆਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ, ਅਤੇ ਉਹਨਾਂ ਨੇ ਖਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।