9ਉਸ ਦੀ ਗੰਦਗੀ ਉਸ ਦੇ ਕੱਪੜਿਆਂ ਨਾਲ ਚਿਪਕ ਗਈ ਸੀ; ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ। ਉਸਦਾ ਖਤਮ ਹੋਣਾ ਹੈਰਾਨ ਕਰਨ ਵਾਲਾ ਸੀ; ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। “ਹੇ ਯਾਹਵੇਹ! ਮੇਰੀ ਮੁਸੀਬਤ ਨੂੰ ਵੇਖ, ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”
10ਦੁਸ਼ਮਣ ਨੇ ਆਪਣਾ ਹੱਥ ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ; ਉਸਨੇ ਮੂਰਤੀ-ਪੂਜਕ ਕੌਮਾਂ ਨੂੰ ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।
11ਉਹ ਦੇ ਸਾਰੇ ਲੋਕ ਹਾਉਂਕੇ ਭਰਦੇ ਹਨ, ਉਹ ਰੋਟੀ ਦੀ ਭਾਲ ਕਰਦੇ ਹਨ, ਉਹਨਾਂ ਨੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਭੋਜਨ ਲਈ ਆਪਣੇ ਖਜ਼ਾਨਿਆਂ ਨੂੰ ਵੇਚਿਆ। “ਹੇ ਯਾਹਵੇਹ! ਵੇਖੋ ਅਤੇ ਵਿਚਾਰ ਕਰ, ਕਿਉਂਕਿ ਮੈਂ ਤੁੱਛ ਹੋ ਗਈ ਹਾਂ।”
12“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ? ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ। ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਇਆ, ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ ਮੇਰੇ ਉੱਤੇ ਲਿਆਇਆ?
13“ਉਚਿਆਈ ਤੋਂ ਉਸਨੇ ਅੱਗ ਭੇਜੀ, ਮੇਰੀਆਂ ਹੱਡੀਆਂ ਵਿੱਚ ਸੁੱਟ ਦਿੱਤੀ। ਉਸ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਅਤੇ ਮੈਨੂੰ ਮੋੜ ਦਿੱਤਾ। ਉਸ ਨੇ ਮੈਨੂੰ ਉਜਾੜ ਦਿੱਤਾ, ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।