1ਕਿਵੇਂ ਯਾਹਵੇਹ ਨੇ ਸੀਯੋਨ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕਿਆ ਹੈ! ਉਸ ਨੇ ਇਸਰਾਏਲ ਦੀ ਸ਼ਾਨ ਨੂੰ ਅਕਾਸ਼ ਤੋਂ ਧਰਤੀ ਉੱਤੇ ਸੁੱਟ ਦਿੱਤਾ ਹੈ। ਉਸ ਨੇ ਆਪਣੇ ਕ੍ਰੋਧ ਦੇ ਦਿਨ ਵਿੱਚ ਆਪਣੇ ਪੈਰਾਂ ਦੀ ਚੌਂਕੀ ਨੂੰ ਚੇਤੇ ਨਹੀਂ ਕੀਤਾ।
2ਬਿਨਾਂ ਤਰਸ ਦੇ ਯਾਹਵੇਹ ਨੇ ਯਾਕੋਬ ਦੇ ਸਾਰੇ ਨਿਵਾਸਾਂ ਨੂੰ ਨਿਗਲ ਲਿਆ ਹੈ; ਆਪਣੇ ਕ੍ਰੋਧ ਵਿੱਚ ਉਸ ਨੇ ਯਹੂਦਾਹ ਦੀ ਧੀ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ। ਉਸ ਨੇ ਉਹ ਦੇ ਰਾਜ ਅਤੇ ਉਸ ਦੇ ਸਰਦਾਰਾਂ ਨੂੰ ਬੇਇੱਜ਼ਤ ਕਰਕੇ ਮਿੱਟੀ ਵਿੱਚ ਮਿਲਾ ਦਿੱਤਾ।
3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ। ਉਸ ਨੇ ਦੁਸ਼ਮਣ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ। ਉਹ ਯਾਕੋਬ ਵਿੱਚ ਬਲਦੀ ਅੱਗ ਵਾਂਗ ਭੜਕਿਆਂ ਜੋ ਉਸਦੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦਿੰਦੀ ਹੈ।
4ਦੁਸ਼ਮਣ ਦੀ ਤਰ੍ਹਾਂ ਉਸ ਨੇ ਆਪਣਾ ਧਣੁੱਖ ਖਿੱਚਿਆ; ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ, ਉਸ ਨੇ ਵੈਰੀ ਵਾਂਗੂੰ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜੋ ਅੱਖਾਂ ਨੂੰ ਚੰਗੇ ਲੱਗਦਾ ਸੀ। ਉਸ ਨੇ ਆਪਣਾ ਕ੍ਰੋਧ ਅੱਗ ਵਾਂਗੂੰ ਸੀਯੋਨ ਧੀ ਦੇ ਤੰਬੂ ਉੱਤੇ ਡੋਲ੍ਹਿਆ ਹੈ।
5ਯਾਹਵੇਹ ਵੈਰੀ ਵਰਗਾ ਹੋ ਗਿਆ; ਉਸ ਨੇ ਇਸਰਾਏਲ ਨੂੰ ਨਿਗਲ ਲਿਆ; ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲਏ ਅਤੇ ਉਸ ਦੇ ਗੜ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਉਸ ਨੇ ਯਹੂਦਾਹ ਦੀ ਧੀ ਲਈ ਸੋਗ ਅਤੇ ਵਿਰਲਾਪ ਵਧਾਇਆ ਹੈ।